ਅਰਨੋਂ, 7 ਜੁਲਾਈ (ਦਰਸ਼ਨ ਸਿੰਘ ਪਰਮਾਰ)-ਪਿੰਡ ਬਹਿਰ ਸਾਹਿਬ ਦੇ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਕਾਰ ਸੇਵਾ) ਦੇ ਸਕੂਲੀ ਬੱਚਿਆਂ ਵਲੋਂ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਹੋਇਆ ਤਾਇਕਮਾਂਡੋਂ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਨ ਗੁਰਪਿੰਦਰ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ ਵਾਈ. ਆਰ. ਐਸ. ਏ. ਇੰਡੀਆ ਕੱਲ ਅੰਡਰ 73 ਕਿੱਲੋ ਟੂਰਨਾਮੈਂਟ ਵਿਚ ਪਹਿਲਾ, ਛੇਵੀਂ ਥੋਡਾ ਸਪੋਰਟਸ ਨੈਸ਼ਨਲ ਚੈਂਪੀਅਨਸ਼ਿਪ ਸ਼ਿਮਲਾ ਵਿਚੋਂ ਪਹਿਲਾ ਅਤੇ ਨੌਵੇਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕੋਵਿਡ ਚੈਂਪੀਅਨਸ਼ਿਪ (ਗੋਆ) ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ’ਚ ਏਸ਼ੀਆ ਦੇ ਸੱਤ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸੇ ਤਰ੍ਹਾਂ ਮਨਪ੍ਰੀਤ ਕੌਰ ਪੁੱਤਰੀ ਮੱਘਾ ਸਿੰਘ ਨੇ ਵੀ ਵਾਈ. ਆਰ. ਐਸ. ਏ. ਇੰਡੀਆ ਕੱਲ੍ਹ ਟੂਰਨਾਮੈਂਟ ਵਿਚ ਆਪਣੇ ਭਾਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਇਨ੍ਹਾਂ ਬੱਚੀਆਂ ਵਲੋਂ ਖੇਡਾਂ ਵਿਚ ਕੀਤੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਜਿਥੇ ਸਾਡੇ ਸਕੂਲ ਨੂੰ ਬਹੁਤ ਮਾਣ ਮਿਲਿਆ। ਉਸ ਦੇ ਨਾਲ ਇਨ੍ਹਾਂ ਬੱਚੀਆਂ ਨੇ ਆਪਣੇ ਮਾਪਿਆਂ ਦੇ ਨਾਲ ਇਲਾਕੇ ਦਾ ਵੀ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਬਾਬਾ ਕਾਬਲ ਸਿੰਘ (ਕਾਰ ਸੇਵਾ) ਵਲੋਂ ਜੇਤੂ ਵਿਦਿਆਰਥਣਾਂ ਦੇ ਨਾਲ ਸਮੁੱਚੇ ਸਕੂਲ ਸਟਾਫ਼ ਜਿਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਹੋਇਆ, ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਵਾਈਸ ਪ੍ਰਿੰਸੀਪਲ ਮੈਡਮ ਸਪਨਾ ਰਾਣੀ, ਕੋਚ ਵਿਕਰਮ ਕਾਦੀਆਨ, ਡੀ. ਪੀ. ਹਰਜਿੰਦਰ ਸਿੰਘ ਤੇ ਮੈਡਮ ਅਮਨਦੀਪ ਕੌਰ ਦੇ ਨਾਲ ਸਕੂਲੀ ਬੱਚੇ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।