ਸਮਾਣਾ, 9 ਜੁਲਾਈ (ਸਾਹਿਬ ਸਿੰਘ)-ਬੀਤੀ 28 ਜੂਨ ਨੂੰ ਥਾਣਾ ਸਦਰ ਸਮਾਣਾ ਦੇ ਪਿੰਡ ਖਾਨਪੁਰ ਗਾੜੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਆਗੂ ਪਰਮਜੀਤ ਸਿੰਘ ਖ਼ਾਨਪੁਰ ਦੇ ਪਰਿਵਾਰ ’ਤੇ ਉਨ੍ਹਾਂ ਦੇ ਘਰ ਵਿਚ ਵੜ ਕੇ ਕੀਤੇ ਕਥਿਤ ਹਮਲੇ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ ਵਿਰੁੱਧ ਮਾਨ ਦਲ, ਪੰਥਕ ਅਕਾਲੀ ਲਹਿਰ ਤੇ ਕਾਂਗਰਸ ਨੇ ਮਿਲ ਕੇ ਅੰਬੇਦਕਰ ਚੌਕ ਸਮਾਣਾ ਵਿਚ ਵਰਦੇ ਮੀਂਹ ਵਿਚ ਧਰਨਾ ਦਿੱਤਾ ਅਤੇ 2 ਘੰਟੇ ਲਈ ਪਟਿਆਲਾ-ਹਿਸਾਰ ਰਾਜ ਮਾਰਗ ਜਾਮ ਕੀਤਾ। ਧਰਨੇ ਵਿਚ ਮਾਨ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ, ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਕਾਂਗਰਸ ਦੇ ਸੀਨੀਅਰ ਆਗੂ ਰਛਪਾਲ ਸਿੰਘ ਜੌੜਾਮਾਜਰਾ ਤੇ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ ਤੋਂ ਇਲਾਵਾ ਭਾਈ ਖ਼ਾਨਪੁਰ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਭਾਈ ਪਰਮਜੀਤ ਸਿੰਘ ਖ਼ਾਨਪੁਰ ਨੇ ਦੱਸਿਆ ਕਿ ਬੀਤੀ 28 ਜੂਨ ਨੂੰ ਸਮਾਂ ਕਰੀਬ 6 ਵਜੇ ਸ਼ਾਮ ਹੋਵੇਗਾ ਕਿ ਪਿੰਡ ਦਾਨੀਪੁਰ ਵਲੋਂ 2 ਕਾਰਾਂ ਚਿੱਟੀਆਂ ਤੇ 2-3 ਮੋਟਰਸਾਈਕਲ ਆਏ ਜਿਨ੍ਹਾਂ ਵਿਚੋਂ ਗੁਰਜੀਤ ਸਿੰਘ ਵਾਸੀ ਦਾਨੀਪੁਰ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਵਾਸੀ ਦਾਨੀਪੁਰ, ਅੰਗਰੇਜ਼ ਸਿੰਘ, ਸੁਖਵਿੰਦਰ ਸਿੰਘ ਆਦਿ ਨੇ 10-15 ਸਾਥੀਆਂ ਸਣੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰਕੇ ਉਨ੍ਹਾਂ ਦੇ ਪੁੱਤਰ ਅਮਰਿੰਦਰ ਸਿੰਘ, ਪਤਨੀ ਰਾਜਵਿੰਦਰ ਕੌਰ ਅਤੇ ਪਤਨੀ ਲਵਪ੍ਰੀਤ ਕੌਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਹਮਲੇ ਕਾਰਨ ਉਨ੍ਹਾਂ ਦਾ ਦੋ ਸਾਲਾ ਪੋਤਾ ਦਿਮਾਗੀ ਤਵਾਜ਼ਨ ਗਵਾ ਚੁੱਕਾ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਮੁਲਜ਼ਮਾਂ ’ਤੇ ਹਲਕੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਤੇ ਹੁਣ ਤੱਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ। ਉਨਾਂ ਇਹ ਵੀ ਦੋਸ਼ ਲਾਇਆ ਕਿ ਸਿਆਸੀ ਸਰਪ੍ਰਸਤੀ ਕਾਰਨ ਕਾਰਵਾਈ ਵਿਚ ਦੇਰੀ ਕੀਤੀ ਜਾ ਰਹੀ ਹੈ। ਮੌਕੇ ’ਤੇ ਪਹੁੰਚੇ ਸਦਰ ਥਾਣਾ ਮੁੱਖੀ ਅਜੇ ਕੁਮਾਰ ਪਰੋਚਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੁਲਜਮਾਂ ਦੀ ਗਿ੍ਰਫਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦ ਹੀ ਸਾਰੇ ਕਥਿਤ ਮੁਲਜ਼ਮਾਂ ਨੂੰ ਪੰਜ ਦਿਨਾਂ ਵਿਚ ਗਿ੍ਫ਼ਤਾਰ ਕਰਕੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰੋਡ ’ਤੇ ਲਾਇਆ ਧਰਨਾ ਸਮਾਪਤ ਕਰ ਦਿੱਤਾ।