ਬਨੂੜ, 13 ਜੁਲਾਈ (ਭੁਪਿੰਦਰ ਸਿੰਘ)-ਪਿੰਡ ਕਰਾਲਾ ਵਿਖੇ ਇਕ ਵਿਅਕਤੀ ਵਲੋਂ ਪਿੰਡ ਦੀ ਗਲੀ ’ਤੇ ਗੇਟ ਲਗਾ ਕੇ ਨਾਜਾਇਜ਼ ਕਬਜ਼ਾ ਕਰਨ ਤੇ ਪੁਲਿਸ ਪ੍ਰਸ਼ਾਸਨ ਦੀ ਇਕਪਾਸੜ ਕਾਰਵਾਈ ਤੋਂ ਭੜਕੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ’ਤੇ ਆਵਾਜਾਈ ਠੱਪ ਕਰ ਦਿੱਤੀ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। 2 ਘੰਟੇ ਤੋਂ ਵੱਧ ਸਮੇਂ ਤੱਕ ਲੱਗੇ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਇਨਾਂ ਲੱਗ ਗਈਆਂ ਤੇ ਵਾਹਨਾਂ ਵਿਚ ਅੱਤ ਦੀ ਗਰਮੀ ’ਚ ਫਸੇ ਲੋਕ ਹਾਲੋ ਬੇਹਾਲ ਹੋ ਗਏ। ਧਰਨੇ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ, ਸਾਬਕਾ ਕੌਂਸਲ ਪ੍ਰਧਾਨ ਜਗਤਾਰ ਸਿੰਘ, ਸਾਬਕਾ ਕੌਂਸਲਰ ਸੋਨੀ ਸੰਧੂ, ਸ਼ਹਿਰੀ ਪ੍ਰਧਾਨ ਨੀਰਜ ਜੈਨ, ਦਿਹਾਤੀ ਪ੍ਰਧਾਨ ਹਰਪ੍ਰੀਤ ਸਿੰਘ ਸੋਨਿਕ, ਸੋਨੂੰ ਜੈਨ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਗੁਰਦੀਪ ਸਿੰਘ ਕਨੌੜ ਪਿੰਡ ਵਾਸੀਆਂ ਦੀ ਹਮਾਇਤ ਵਿਚ ਆ ਗਏ। ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਸਰਪੰਚ ਲਖਵਿੰਦਰ ਸਿੰਘ ਲੱਖੀ, ਦਵਿੰਦਰ ਸਿੰਘ, ਰਜਵੰਤ ਕੌਰ, ਗੁਰਮੀਤ ਕੌਰ, ਸੋਮਤੀ ਦੇਵੀ, ਹਰਮਿੰਦਰ ਸਿੰਘ, ਸੋਨੂੰ ਬਲਾਣ, ਸਾਬਕਾ ਸਰਪੰਚ ਮਲਕੀਤ ਸਿੰਘ ਸਮੇਤ ਸੈਂਕੜੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਵਸਨੀਕ ਮਾਸਟਰ ਬਚਿੱਤਰ ਸਿੰਘ ਤੇ ਉਸ ਦਾ ਪੁੱਤਰ ਗਗਨਜੋਤ ਸਿੰਘ ਕੁਝ ਦਿਨ ਪਹਿਲਾਂ ਘਰ ਦੇ ਗੇਟ ਅੱਗੇ ਬਣੀ ਵੀਹ ਫੁੱਟ ਲੰਬੀ ਗਲੀ ਜਿਸ ’ਤੇ ਸਰਕਾਰੀ ਇੱਟਾਂ ਲੱਗੀਆਂ ਹੋਈਆਂ ਸਨ ਤੇ ਗੇਟ ਲਗਾ ਦਿੱਤਾ। ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਪਿੰਡ ਵਾਸੀਆਂ ਨੂੰ ਹੀ ਧਮਕਾਉਣ ਲੱਗ ਪਈ, ਜਿਸ ਤੋਂ ਭੜਕੇ ਪਿੰਡ ਵਾਸੀਆਂ ਨੇ ਗਲੀ ਵਿਚ ਲਾਇਆ ਨਾਜਾਇਜ਼ ਗੇਟ ਹਟਾ ਦਿੱਤਾ। ਪਿੰਡ ਦਾ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅੱਜ ਗਗਨਜੋਤ ਸਿੰਘ ਤੇ ਉਸ ਦੇ ਪਰਿਵਾਰ ਨੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਵਿਰੋਧ ਦੌਰਾਨ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਤੇ ਪੁਲਿਸ ਨੇ ਗੇਟ ਲਾਉਣ ਵਾਲਿਆਂ ਦਾ ਹੀ ਸਾਥ ਦਿੰਦੇ ਹੋਏ ਪਿੰਡ ਵਾਸੀਆਂ ਨਾਲ ਬਦਸਲੂਕੀ ਕੀਤੀ। ਗੁਰਪ੍ਰੀਤ ਕੌਰ, ਨੀਸ਼ਾ ਰਾਣੀ ਤੇ ਕੁਝ ਹੋਰ ਔਰਤਾਂ ਨੇ ਕਿਹਾ ਕਿ ਥਾਣਾ ਮੁਖੀ ਉਨ੍ਹਾਂ ਨਾਲ ਧੱਕਾਮੁੱਕੀ ਕਰਨ ਲੱਗ ਗਿਆ ਅਤੇ ਔਰਤਾਂ ਤੇ ਨੌਜਵਾਨਾਂ ਨੂੰ ਗੱਡੀ ਵਿਚ ਸੁੱਟਣ ਲੱਗ ਗਿਆ, ਇਸ ਦੌਰਾਨ ਇਕ ਔਰਤ ਹੇਠਾਂ ਡਿੱਗ ਗਈ ਤੇ ਬੇਹੋਸ਼ ਹੋ ਗਈ। ਜਿਸ ਤੋਂ ਭੜਕੇ ਸੈਂਕੜੇ ਪਿੰਡ ਵਾਸੀਆਂ ਨੇ ਸੜਕ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਡੀ. ਐਸ. ਪੀ. ਸੁਖਦੇਵ ਸਿੰਘ ਬਨੂੜ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਧਰਨਾਕਾਰੀਆਂ ਨਾਜਾਇਜ਼ ਕਬਜ਼ਾ ਹਟਾਉਣ ਤੇ ਥਾਣਾ ਮੁਖੀ ਦੀ ਬਦਲੀ ’ਤੇ ਅੜੇ ਹੋਏ ਸਨ। ਥਾਣਾ ਮੁਖੀ ਦੇ ਗੈਰਮਨੁੱਖੀ ਵਤੀਰੇ ਦੇ ਰੋਸ ਵਜੋਂ ਸਾਬਕਾ ਸਰਪੰਚ ਗੁਰਦੀਪ ਸਿੰਘ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ। ਜਿਸ ਤੋਂ ਬਾਅਦ ਡੀ. ਐਸ. ਪੀ. ਸੁਖਦੇਵ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਤੁਰੰਤ ਨਾਜਾਇਜ਼ ਕਬਜ਼ਾ ਹਟਵਾਇਆ ਤੇ ਥਾਣਾ ਮੁਖੀ ਵਿਰੁੱਧ ਕਾਰਵਾਈ ਕਰਨ ਲਈ ਪਿੰਡ ਵਾਸੀਆਂ ਤੋਂ ਸ਼ਿਕਾਇਤ ਲਈ। ਜਿਸ ਤੋਂ ਬਾਅਦ ਜਾ ਕੇ ਪਿੰਡ ਵਾਸੀਆਂ ਨੇ ਜਾਮ ਖੋਲ੍ਹਿਆ। ਜਾਮ ਖੁੱਲ੍ਹਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਕੀ ਕਹਿਣਾ ਹੈ ਡੀ.ਐਸ.ਪੀ. ਦਾ
ਇਸ ਮੌਕੇ ਡੀ. ਐਸ. ਪੀ. ਸੁਖਦੇਵ ਸਿੰਘ ਬਨੂੜ ਨੇ ਦੱਸਿਆ ਕਿ ਨਾਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਹੈ ਤੇ ਥਾਣਾ ਮੁਖੀ ਵਿਰੁੱਧ ਪਿੰਡ ਵਾਸੀਆਂ ਤੇ ਸਰਪੰਚ ਨੇ ਲਿਖਤ ਸ਼ਿਕਾਇਤ ਦਿੱਤੀ ਹੈ। ਜਿਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਕਰਾਲਾ ਵਿਖੇ ਗਲੀ ’ਚ ਗੇਟ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਨੈਸ਼ਨਲ ਹਾਈਵੇ ਕੀਤਾ ਜਾਮ ਡੀ. ਐਸ.ਪੀ. ਦੇ ਭਰੋਸੇ ਮਗਰੋਂ ਸਾਬਕਾ ਸਰਪੰਚ ਟੈਂਕੀ ਤੋਂ ਉਤਰਿਆ ਤੇ ਲੋਕਾਂ ਨੇ ਜਾਮ ਖੋਲ੍ਹਿਆ
ਅਜੀਤ ਡੈਸਕ
14-07-2026