ਪਟਿਆਲਾ, 15 ਜੁਲਾਈ (ਗੁਰਵਿੰਦਰ ਸਿੰਘ ਔਲਖ)-ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਵਲੋਂ ਅਧਿਆਪਨ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ‘ਐਡਵਾਂਸਿੰਗ ਟੀਚਿੰਗ ਐਕਸੀਲੈਂਸ: ਸਟ੍ਰੈਂਥਨਿੰਗ ਫਾਊਂਡੇਸ਼ਨਜ਼ ਫਾਰ ਇਫੈਕਟਿਵ ਐਜੂਕੇਸ਼ਨ’ ਵਿਸ਼ੇ ਹੇਠ ਸੱਤ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 25 ਤੋਂ ਵੱਧ ਅਧਿਆਪਕ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਨ ਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਸੰਸਥਾਗਤ ਸਮਝ ਨੂੰ ਮਜ਼ਬੂਤ ਕਰਨ ਅਤੇ ਅਕਾਦਮਿਕ ਉੱਤਮਤਾ ਨੂੰ ਪ੍ਰਫੁੱਲਤ ਕਰਨਾ ਹੈ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਉੱਚ ਸਿੱਖਿਆ ਦੇ ਬਦਲਦੇ ਦੌਰ ਵਿੱਚ ਅਧਿਆਪਕਾਂ ਲਈ ਨਿਰੰਤਰ ਪੇਸ਼ੇਵਰ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਲਜ ਅਕਾਦਮਿਕ ਉੱਤਮਤਾ, ਗੁਣਵੱਤਾ ਸੁਧਾਰ ਅਤੇ ਨਵੀਨਤਾ ਲਈ ਵਚਨਬੱਧ ਹੈ ਅਤੇ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ। ਉਨ੍ਹਾਂ ਭਾਗੀਦਾਰਾਂ ਨੂੰ ਸਾਰੇ ਸੈਸ਼ਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ। ਪਹਿਲੇ ਸੈਸ਼ਨ ਦੌਰਾਨ ਡਾ. ਉੱਭਾ ਨੇ ਕਾਲਜ ਦੇ ਵਿਜ਼ਨ, ਮਿਸ਼ਨ, ਅਕਾਦਮਿਕ ਪ੍ਰਣਾਲੀ, ਸੰਸਥਾ ਦੀਆਂ ਪਰੰਪਰਾਵਾਂ, ਵਿਦਿਆਰਥੀ-ਕੇਂਦਰਿਤ ਪਹਿਲਕਦਮੀਆਂ ਅਤੇ ਅਧਿਆਪਨ ਨੂੰ ਸੰਸਥਾ ਦੇ ਉਦੇਸ਼ਾਂ ਨਾਲ ਜੋੜਨ ਦੀ ਲੋੜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ਵਿੱਚ ਉਨ੍ਹਾਂ ਸੰਸਥਾਗਤ ਪ੍ਰਬੰਧਨ, ਆਈ.ਕਿਊ.ਏ.ਸੀ. ਦੀ ਭੂਮਿਕਾ, ਗੁਣਵੱਤਾ ਭਰੋਸਾ ਪ੍ਰਣਾਲੀ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਤੀਜਾ ਸੈਸ਼ਨ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਅੰਤਰਕਿਰਿਆਤਮਕ ਗਤੀਵਿਧੀਆਂ ਰਾਹੀਂ ਅਧਿਆਪਕਾਂ ਵਿੱਚ ਆਪਸੀ ਤਾਲਮੇਲ, ਪ੍ਰਭਾਵਸ਼ਾਲੀ ਸੰਚਾਰ, ਟੀਮ ਭਾਵਨਾ ਅਤੇ ਪੇਸ਼ੇਵਰ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਸੈਸ਼ਨ ਨੇ ਭਾਗੀਦਾਰਾਂ ਨੂੰ ਆਪਸੀ ਨੈੱਟਵਰਕਿੰਗ ਅਤੇ ਅਨੁਭਵ ਸਾਂਝੇ ਕਰਨ ਦਾ ਵੀ ਮੌਕਾ ਪ੍ਰਦਾਨ ਕੀਤਾ। ਉਦਘਾਟਨੀ ਦਿਨ ਦੇ ਅੰਤ ਵਿੱਚ ਭਾਗੀਦਾਰਾਂ ਨੇ ਵਿਚਾਰ-ਵਟਾਂਦਰਾ ਕਰਦਿਆਂ ਪ੍ਰੋਗਰਾਮ ਨੂੰ ਲਾਭਦਾਇਕ ਕਰਾਰ ਦਿੱਤਾ। ਕਾਲਜ ਪ੍ਰਬੰਧਕਾਂ ਅਨੁਸਾਰ ਇਹ ਸੱਤ ਰੋਜ਼ਾ ਪ੍ਰੋਗਰਾਮ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਅਗਵਾਈ ਅਤੇ ਆਈ.ਕਿਊ.ਏ.ਸੀ. ਟੀਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਅਧਿਆਪਨ ਦੀ ਗੁਣਵੱਤਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।