ਬਨੂੜ, 16 ਜੁਲਾਈ (ਭੁਪਿੰਦਰ ਸਿੰਘ)-ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਬਲਜੀਤ ਸਿੰਘ ਤੇ ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸੰਧੂ ਨੇ ਅੱਜ ਆਪੋ-ਆਪਣੇ ਅਹੁਦੇ ਸੰਭਾਲ ਲਏ ਹਨ। ਹਲਕਾ ਵਿਧਾਇਕ ਨੀਨਾ ਮਿੱਤਲ ਨੇ ਉਨ੍ਹਾਂ ਨੂੰ ਪ੍ਰਧਾਨ ਤੇ ਉਪ ਪ੍ਰਧਾਨ ਦੇ ਅਹੁਦੇ ’ਤੇ ਬਿਠਾਇਆ ਅਤੇ ਮੂੰਹ ਮਿੱਠਾ ਕਰਾਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਕੌਂਸਲਰ ਭਜਨ ਲਾਲ, ਜਸਪਾਲ ਕੌਰ ਸਮੇਤ ਪਰਵਿੰਦਰ ਕੌਰ ਦੇ ਪਤੀ ਰਮੇਸ਼ ਕੁਮਾਰ ਅਤੇ ਸੁਦੇਸ਼ ਰਾਣੀ ਦਾ ਪੁੱਤਰ ਬਬਲੂ ਹਾਜ਼ਰ ਸਨ। ਦੋਵੇਂ ਪ੍ਰਧਾਨਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਸ਼ਹਿਰ ਦੀ ਮੁਸ਼ਕਿਲਾਂ ਹੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਉਨਾਂ ਮਿਲੀ ਨਵੀਂ ਜਿੰਮੇਵਾਰੀ ਨੂੰ ਬਿਨਾਂ ਕਿਸੇ ਪੱਖਪਾਤ ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਸਮੇਤ ਮੁਲਾਜ਼ਮ ਹਾਜ਼ਰ ਸਨ। ਦੱਸਣਯੋਗ ਹੈ ਕਿ 13 ਵਾਰਡਾਂ ’ਚੋਂ 6 ਕੌਂਸਲਰਾਂ ਨੇ ਹਲਕਾ ਵਿਧਾਇਕ ਦੀ ਹਮਾਇਤ ਨਾਲ ਚੁਣੇ ਗਏ ਪ੍ਰਧਾਨ ਨੂੰ 7 ਕੌਂਸਲਰਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਸਮਾਗਮ ਤੋਂ ਦੂਰ ਰਹੇ ‘ਆਪ’ ਦੇ ਵਾਰਡ ਨੰ. 5 ਦੇ ਕੌਂਸਲਰ ਹਰਜੋਤ ਸਿੰਘ ਬਾਜਵਾ, ਵਾਰਡ 7 ਤੋਂ ਜਸਵੀਰ ਕੌਰ, ਵਾਰਡ 10 ਤੋਂ ਜਸਵਿੰਦਰ ਕੌਰ, ਵਾਰਡ 12 ਤੋਂ ਕਰਨੈਲ ਸਿੰਘ (ਸਾਰੇ ‘ਆਪ’ ਕੌਂਸਲਰ) ਕੌਂਸਲਰਾਂ ਨੇ ਕਿਹਾ ਕਿ ਇਹ ਬਿਨਾਂ ਬਹੁਮਤ ਦੇ ਧੱਕੇਸ਼ਾਹੀ ਨਾਲ ਬਣਾਇਆ ਗਿਆ ਪ੍ਰਧਾਨ ਹੈ। ਉਨਾਂ ਕਿਹਾ ਕਿ ਕੌਂਸਲ ਦੀ ਪ੍ਰਧਾਨਗੀ ਦਾ ਮਾਮਲਾ ਹਾਈ ਕੋਰਟ ਵਿਚ ਵਿਚਾਰਅਧੀਨ ਹੈ। ਜਿਸ ਕਾਰਨ ਘੱਟ ਗਿਣਤੀ ਵਿਚ ਬਣਿਆ ਪ੍ਰਧਾਨ ਨਾ ਸ਼ਹਿਰ ਦਾ ਭਲਾ ਕਰ ਸਕਦਾ ਹੈ ਅਤੇ ਨਾ ਹੀ ਹਿਤ ਵਿਚ ਹੈ। ਉਨਾਂ ਦੁਹਰਾਇਆ ਕਿ ਉਹ ਅੱਜ ਵੀ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਅਦਾਲਤ ਦੇ ਹਰ ਫ਼ੈਸਲੇ ’ਤੇ ਫੁੱਲ ਚੜ੍ਹਾਉਣਗੇ। ਇਸੇ ਤਰਾਂ ਕਾਂਗਰਸ ਦੇ ਜਿੱਤੇ ਤਿੰਨੇ ਕੌਂਸਲਰ ਪ੍ਰੀਤੀ ਵਾਲੀਆ, ਸਾਧੂ ਸਿੰਘ ਤੇ ਰਾਜਿੰਦਰ ਕੌਰ ਅੱਜ ਦੇ ਸਮਾਗਮ ਤੋਂ ਦੂਰ ਰਹੇ।