ਪਟਿਆਲਾ, 22 ਜੁਲਾਈ (ਅ.ਸ. ਆਹਲੂਵਾਲੀਆ)-ਸ਼ਾਹੀ ਸ਼ਹਿਰ ਪਟਿਆਲਾ ਦੀ ਨੁਹਾਰ ਬਦਲਣ, ਸ਼ਹਿਰ ਵਾਸੀਆਂ ਨੂੰ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਨਗਰ ਨਿਗਮ ਪਟਿਆਲਾ ਵਲੋਂ ਇਕ ਬਹੁਤ ਹੀ ਅਹਿਮ ਅਤੇ ਵੱਡੀ ਪਹਿਲਕਦਮੀ ਕਰਦਿਆਂ ‘ਮਿਸ਼ਨ ਕਲੀਨ ਪਟਿਆਲਾ’ ਦਾ ਆਗਾਜ਼ ਕੀਤਾ ਗਿਆ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਹੁਣ ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ, ਚੌਂਕਾਂ ਅਤੇ ਪ੍ਰਮੁੱਖ ਬਾਜ਼ਾਰਾਂ ਦੀ ਰੋਜ਼ਾਨਾ ਤੜਕਸਾਰ ਹੀ ਵਿਸ਼ੇਸ਼ ਸਫ਼ਾਈ ਕੀਤੀ ਜਾਵੇਗੀ ਤਾਂ ਜੋ ਦਿਨ ਚੜ੍ਹਦਿਆਂ ਹੀ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰੀਆਂ ਸੜਕਾਂ ਮਿਲ ਸਕਣ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਖ਼ੁਦ ਸ਼ਹਿਰ ਦੇ ਕੇਂਦਰੀ ਸਥਾਨ ਲੀਲਾ ਭਵਨ ਵਿਖੇ ਪਹੁੰਚ ਕੇ ਕਰਵਾਈ ਗਈ। ਸਵੇਰੇ-ਸਵੇਰੇ ਜ਼ਮੀਨੀ ਪੱਧਰ ’ਤੇ ਪਹੁੰਚੇ ਅਧਿਕਾਰੀਆਂ ਨੇ ਸਫ਼ਾਈ ਸੇਵਕਾਂ ਨਾਲ ਖ਼ੁਦ ਖੜ੍ਹੇ ਹੋ ਕੇ ਸਫ਼ਾਈ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ਹਿਰ ਵਾਸੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਅਤੇ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਸਿਰਫ਼ ਇਕ ਦਿਨ ਲਈ ਸੀਮਤ ਨਹੀਂ ਰਹੇਗੀ। ਅੱਜ ਤੋਂ ਰੋਜ਼ਾਨਾ ਸਵੇਰੇ ਉਹ ਖ਼ੁਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸਫ਼ਾਈ ਕਾਰਜਾਂ ਦੀ ਸੁਪਰਵੀਜ਼ਨ (ਨਿਗਰਾਨੀ) ਕਰਨਗੇ। ਇਸ ਮੌਕੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਹੈਲਥ ਅਫਸਰ ਡਾ. ਨਵਿੰਦਰ ਸਿੰਘ, ਐਸ.ਸੀ. ਜੇ.ਪੀ. ਸਿੰਘ, ਸੈਨੇਟਰੀ ਇੰਸਪੈਕਟਰ ਰਿਸ਼ਵ ਗਰਗ, ਪੀ.ਏ. ਕ੍ਰਿਸ਼ਨ ਕੁਮਾਰ ਤੇ ਹੋਰ ਨਿਗਮ ਅਧਿਕਾਰੀ ਵੀ ਮੌਜੂਦ ਸਨ।