ਭਾਦਸੋਂ, 22 ਜੁਲਾਈ (ਗੁਰਬਖਸ ਸਿੰਘ ਵੜੈਚ )-ਕਰੀਬ ਪਿਛਲੇ ਮਹੀਨੇ ਤੋਂ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਤਰਖੇੜੀ ਚੌਂਕ ਭਾਦਸੋਂ ਵਿਖੇ ਧਰਨਾ ਲਗਾ ਕੇ ਭਾਦਸੋਂ ਤੋਂ ਸਰਹਿੰਦ ਅਤੇ ਪਟਿਆਲਾ ਨੂੰ ਜਾਂਦੇ ਰਾਹ ਕੁਝ ਸਮੇਂ ਲਈ ਬੰਦ ਕੀਤੇ। ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਆਗੂ ਬਰਿੰਦਰ ਕੁਮਾਰ ਬਿੱਟੂ, ਕਿਸਾਨ ਆਗੂ ਦਰਸ਼ਨ ਸਿੰਘ ਧਾਰਨੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜਤਾਲ ’ਤੇ ਗਏ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਜਲਦ ਮੰਨ ਕੇ ਬਿਜਲੀ ਵਿਭਾਗ ਨੂੰ ਮੁੜ ਲੀਹ ’ਤੇ ਲਿਆਉਣ ਦਾ ਯਤਨ ਕਰੇ। ਧਰਨਾਕਾਰੀਆਂ ਨੂੰ ਓਮ ਪ੍ਰਕਾਸ਼, ਬੱਲਾ ਰਾਮ, ਹੰਸ ਰਾਜ, ਹਰਦੀਪ ਘੁੱਲਾ, ਮਾ. ਬੇਅੰਤ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਪਾਵਰਕਾਮ ਕਾਰੋਪਰੇਸ਼ਨ ਦੇ ਗਰਿੱਡ ਭਾਦਸੋਂ ਦੇ ਐਸ.ਡੀ.ਓ. ਬਰਕੋਮਲ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਨੂੰ ਵਿਭਾਗ ਦੀ ਕਾਰਗੁਜਾਰੀ ਸੁਧਾਰਨ ਦਾ ਭਰੋਸਾ ਦਿੱਤਾ ।