ਪਟਿਆਲਾ, 26 ਜੁਲਾਈ (ਗੁਰਵਿੰਦਰ ਸਿੰਘ ਔਲਖ)-ਪਾਵਰਲਿਫਟਿੰਗ ਇੰਡੀਆ ਵਲੋਂ ਔਰੰਗਾਬਾਦ (ਮਹਾਰਾਸ਼ਟਰ) ਵਿਖੇ ਕਰਵਾਈ ਨੈਸ਼ਨਲ ਮਾਸਟਰਜ਼ ਕਲਾਸਿਕ ਤੇ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ 105 ਕਿੱਲੋਗ੍ਰਾਮ ਮਾਸਟਰ-2 ਵਰਗ ਵਿਚ ਪੰਜਾਬ ਦੇ ਸੁਰਿੰਦਰ ਪਾਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੁਐਟ ਵਿਚ 230 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ, ਬੈਂਚ ਪ੍ਰੈੱਸ ਵਿਚ 140 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਅਤੇ ਡੈੱਡਲਿਫਟ ਵਿਚ 236 ਕਿੱਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਤਿੰਨਾਂ ਈਵੈਂਟਾਂ ਦੇ ਕੁੱਲ ਪ੍ਰਦਰਸ਼ਨ ਦੇ ਆਧਾਰ ’ਤੇ ਉਹ ਓਵਰਆਲ ਸੋਨ ਤਗ਼ਮੇ ਦੇ ਹੱਕਦਾਰ ਬਣੇ। ਇਸ ਵਰਗ ਵਿਚ ਦੇਸ਼ ਭਰ ਤੋਂ 8 ਖਿਡਾਰੀਆਂ ਨੇ ਭਾਗ ਲਿਆ। ਮੱਧ ਪ੍ਰਦੇਸ਼ ਦੇ ਸ਼ਲਿੰਦਰ ਐਡਵਿਨ ਨੇ ਦੂਜਾ ਤੇ ਦਿੱਲੀ ਦੇ ਰਮੇਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਚੈਂਪੀਅਨਸ਼ਿਪ 18 ਤੋਂ 23 ਜੁਲਾਈ ਤੱਕ ਔਰੰਗਾਬਾਦ ਵਿਚ ਕਰਵਾਈ ਗਈ। ਸੁਰਿੰਦਰ ਪਾਲ ਸਿੰਘ ਦੀ ਇਸ ਉਪਲਬਧੀ ’ਤੇ ਖੇਡ ਜਗਤ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।