ਨਵਾਂਸ਼ਹਿਰ, 26 ਜੁਲਾਈ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਤੇ ਅਲੱਗ-ਅਲੱਗ ਪਿੰਡਾਂ ਵਿਚ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਦਫਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵਲੋਂ ਕੀਤੀ ਗਈ। ਮੀਟਿੰਗ ਦੌਰਾਨ ਇਸ ਸਾਲ ਕਰਵਾਏ ਜਾਣ ਵਾਲੇ ਅੱਠਵੇਂ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਇਹ ਕੀਰਤਨ ਦਰਬਾਰ 14, 15 ਤੇ 16 ਨਵੰਬਰ ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਕਰਵਾਏ ਜਾਣੇ ਹਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557 ਸਾਲਾ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 20 ਦੇ ਕਰੀਬ ਗੁਰਮਤਿ ਸਮਾਗਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਮਾਛੀਵਾੜਾ ਇਲਾਕੇ ਵਿਚ ਕਰਵਾਏ ਜਾਣ ਦੇ ਪ੍ਰੋਗਰਾਮ ਨੂੰ ਵੀ ਇਸ ਮੀਟਿੰਗ ਦੌਰਾਨ ਅੰਤਿਮ ਰੂਪ ਦਿੱਤਾ ਗਿਆ। ਸਮਾਗਮ ਲਈ ਸੁਨਿਸ਼ਚਿਤ ਕੀਤੇ ਗਏ ਪਿੰਡਾਂ ਸ਼ਹਿਰਾਂ ਤੇ ਇਨ੍ਹਾਂ ਸਮਾਗਮ ਵਿਚ ਹਾਜ਼ਰੀ ਭਰਨ ਵਾਲੇ ਬੁਲਾਰਿਆਂ ਦੀ ਸੂਚੀ ਵੀ ਕੁਝ ਹੀ ਦਿਨਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਪਿੰਦਰਪਾਲ ਸਿੰਘ, ਭਾਈ ਹਰਪਾਲ ਸਿੰਘ ਫਤਹਿਗੜ੍ਹ ਸਾਹਿਬ ਵਾਲੇ, ਪੰਥ ਦੇ ਮਹਾਨ ਕੀਰਤਨੀਏ ਭਾਈ ਅਨੰਤ ਵੀਰ ਸਿੰਘ, ਭਾਈ ਚਰਨਜੀਤ ਸਿੰਘ ਹੀਰਾ, ਭਾਈ ਸਿਮਰਨਜੀਤ ਸਿੰਘ ਯੂ. ਐਸ. ਏ., ਭਾਈ ਤਰਨਵੀਰ ਸਿੰਘ ਰੱਬੀ ਤੋਂ ਇਲਾਵਾ ਪੰਥ ਦੇ ਨਾਮੀ ਕੀਰਤਨੀ ਜਥੇ ਤੇ ਵਿਦਵਾਨ ਕਥਾ ਵਾਚਕਾਂ ਨਾਲ ਵੀ ਸੰਪਰਕ ਵਿਚ ਹਨ। ਇਨ੍ਹਾਂ ਸਮਾਗਮਾਂ ਦੌਰਾਨ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵਲੋਂ ਮਿਲ ਕੇ ਇਕ ਦਿਨ ਦੇ ਆਤਮ ਰਸ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਵੀ ਮੀਟਿੰਗ ਵਿਚ ਵਿਚਾਰਾਂ ਕੀਤੀਆਂ ਗਈਆਂ। ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਅਤੇ ਸ਼ਮੂਲੀਅਤ ਕਰਨ। ਮੀਟਿੰਗ ਦੌਰਾਨ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਸੈਣੀ, ਜਗਦੀਪ ਸਿੰਘ, ਪਰਮਿੰਦਰ ਸਿੰਘ ਕੰਵਲ, ਭਾਈ ਤਰਲੋਚਨ ਸਿੰਘ ਖਟਕੜ ਕਲਾਂ, ਭਾਈ ਕੁਲਵਿੰਦਰ ਸਿੰਘ ਸੁੱਧਾ ਮਾਜਰਾ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਪਲਵਿੰਦਰ ਸਿੰਘ ਕਰਿਆਮ, ਜਸਵਿੰਦਰ ਸਿੰਘ ਸੈਣੀ, ਮਹਿੰਦਰ ਪਾਲ ਚੰਦਰ ਪ੍ਰਧਾਨ, ਕੁਲਜੀਤ ਸਿੰਘ ਖਾਲਸਾ, ਗਿਆਨ ਸਿੰਘ, ਰਾਜਵੀਰ ਸਿੰਘ ਬੈਂਸ, ਬਲਦੇਵ ਸਿੰਘ ਯੂਕੋ ਬੈਂਕ, ਦਲਜੀਤ ਸਿੰਘ ਕਰੀਹਾ, ਹਰਦੀਪ ਸਿੰਘ ਸਰਪੰਚ ਗੜ੍ਹ ਪਧਾਣਾ, ਮਨਮੋਹਨ ਸਿੰਘ ਕੰਵਲ, ਗੁਰਚਰਨ ਸਿੰਘ ਪਾਬਲਾ, ਹਰਪਾਲ ਸਿੰਘ ਗਰੇਵਾਲ, ਮਾਸਟਰ ਕੁਲਵਿੰਦਰ ਸਿੰਘ ਭੀਨ, ਡਾ. ਭਗਵਾਨ ਸਿੰਘ, ਭਾਈ ਗੁਰਦੇਵ ਸਿੰਘ ਮੁਬਾਰਕਪੁਰ, ਦਲਜੀਤ ਸਿੰਘ ਬਡਵਾਲ, ਹਰਵਿੰਦਰ ਸਿੰਘ ਹਾਈਵੇ ਟਾਇਰ, ਜਸਕਰਨ ਸਿੰਘ ਹੰਸਰੋਂ, ਸੁੱਚਾ ਸਿੰਘ, ਸੋਹਨ ਸਿੰਘ ਉਸਤਾਦ ਤੇ ਸੁਰਿੰਦਰ ਸਿੰਘ ਵੀ ਸ਼ਾਮਿਲ ਸਨ।
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮਹਾਨ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮਾਂ ਸੰਬੰਧੀ ਮੀਟਿੰਗ
ਅਜੀਤ ਡੈਸਕ
27-07-2026