ਨਾਭਾ, 26 ਜੁਲਾਈ (ਵਰਿੰਦਰ ਵਰਮਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ 16 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ 58ਵੇਂ ਜਨਮ ਦਿਵਸ ਨੂੰ ‘ਜਨ ਸੇਵਾ ਦਿਵਸ’ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ, ਬੂਟੇ ਲਗਾਉਣ ਦੀ ਮੁਹਿੰਮ, ਨੇਤਰਦਾਨ ਤੇ ਅੰਗਦਾਨ ਰਜਿਸਟ੍ਰੇਸ਼ਨ ਕੈਂਪ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ 5800 ਬੂਟੇ ਵੀ ਵੰਡੇ ਜਾਣਗੇ। ਤੇਜਿੰਦਰ ਮਹਿਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜੀਵਨ ਸੰਘਰਸ਼, ਸਾਦਗੀ, ਇਮਾਨਦਾਰੀ ਤੇ ਲੋਕ ਸੇਵਾ ਪ੍ਰਤੀ ਸਮਰਪਣ ਦੀ ਮਿਸਾਲ ਹੈ। ਇਕ ਆਮ ਪਰਿਵਾਰ ਤੋਂ ਅੱਗੇ ਵਧ ਕੇ ਉਨ੍ਹਾਂ ਨੇ ਜਨਤਾ ਦੇ ਮੁੱਦਿਆਂ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਇਆ ਅਤੇ ਸਿੱਖਿਆ, ਸਿਹਤ ਤੇ ਪਾਰਦਰਸ਼ੀ ਸ਼ਾਸਨ ਵਰਗੇ ਮੁੱਦਿਆਂ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾਇਆ। ਉਨ੍ਹਾਂ ਦੀ ਜਨ ਸੇਵਾ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਇਹ ਦਿਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਚੇਅਰਮੈਨ ਮਹਿਤਾ ਨੇ ਕਿਹਾ ਕਿ ਕਿਸੇ ਵੀ ਆਗੂ ਦਾ ਜਨਮ ਦਿਵਸ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਸਮਾਜ ਨੂੰ ਕੁਝ ਵਾਪਸ ਦੇਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਖ਼ੂਨਦਾਨੀਆਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕੀਤਾ ਜਾਵੇਗਾ, ਨੇਤਰਦਾਨ ਅਤੇ ਅੰਗਦਾਨ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ 5800 ਬੂਟੇ ਲੋਕਾਂ ਵਿਚ ਵੰਡੇ ਜਾਣਗੇ।