ਕੇਂਦਰ ਸਰਕਾਰ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਲੋਕਤੰਤਰ ਅੱਗੇ ਹਾਰੀ-ਪ੍ਰੋ. ਬਡੂੰਗਰ
ਅਜੀਤ ਡੈਸਕ
27-07-2026
ਪਟਿਆਲਾ, 26 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨੀਟ ਪ੍ਰੀਖਿਆਵਾਂ ਦੇ ਮਸਲੇ ’ਤੇ ਸੰਘਰਸ਼ ਜਿੱਤਣ ਵਾਲੀ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿਚ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਨੇ ਜਿਥੇ ਸੰਘਰਸ਼ ਜਿੱਤਿਆ, ਉਥੇ ਹੀ ਲੋਕਤੰਤਰ ਅੱਗੇ ਕੇਂਦਰ ਸਰਕਾਰ ਨੇ ਹਾਰ ਮੰਨ ਲਈ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਲੋਕਤੰਤਰ ਅੱਗੇ ਆਪਣੀ ਹਾਰ ਮੰਨੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿਚ ਲੋਕਤੰਤਰ ਵੱਡਾ ਹੁੰਦਾ ਨਾ ਕਿ ਸੱਤਾ ਵਿਚ ਰਹਿਣ ਵਾਲੀਆਂ ਸਥਾਪਿਤ ਸਰਕਾਰਾਂ। ਸਾਬਕਾ ਪ੍ਰਧਾਨ ਨੇ ਕਿਹਾ ਕਿ ਨੀਟ ਦੇ ਇਮਤਿਹਾਨਾਂ ਦੌਰਾਨ ਉੱਠ ਰਹੇ ਸਵਾਲਾਂ ਕਾਰਨ ਨੌਜਵਾਨ ਬੱਚੇ ਬੱਚੀਆਂ ਦੀ ਜ਼ਿੰਦਗੀ ਅਤੇ ਭਵਿੱਖ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਭਾਰਤ ਦੀ ਯੁਵਾ ਸ਼ਕਤੀ ਦੇ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿਚ ਜ਼ੋਰਦਾਰ ਸੰਘਰਸ਼ ਕਰਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਪ੍ਰਵਾਨ ਕਰਨ ਲਈ ਮਜਬੂਰ ਕਰਕੇ ਭਾਰਤੀ ਨੌਜਵਾਨਾਂ ਦੀ ਯੁਵਾ ਸ਼ਕਤੀ ਦੀ ਤਾਕਤ ਦਾ ਅਹਿਸਾਸ ਕਰਵਾ ਦਿਤਾ। ਪ੍ਰੋ. ਕਿ੍ਪਾਲ ਸਿੰਘ ਬਡੂੰਗਰ ਨੇ ਮੁੜ ਦੁਹਰਾਇਆ ਕਿ ਕੇਂਦਰੀ ਸਰਕਾਰ ਸਿੱਖਿਆ ਦਾ ਪ੍ਰਬੰਧ ਤੇ ਨੀਤੀ ਦਾ ਸਾਰਾ ਕਾਰਜ ਸੂਬਾ ਸਰਕਾਰਾਂ ਦੇ ਹਵਾਲੇ ਕਰੇ।