ਸਮਾਣਾ, 29 ਜੁਲਾਈ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 390 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ ਤੇ ਥਾਣਾ ਮੁਖੀ ਅਜੈ ਪਰੋਚਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਬੱਸ ਅੱਡਾ ਢੈਂਠਲ ਮੌਜੂਦ ਸੀ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕਥਿਤ ਦੋਸ਼ੀ ਗੁਰਮੁੱਖ ਸਿੰਘ ਪੁੱਤਰ ਰਾਮਫਲ ਸਿੰਘ ਵਾਸੀ ਪਿੰਡ ਉਗੋਕੇ ਥਾਣਾ ਘੱਗਾ ਅਨਾਜ ਮੰਡੀ ਪਿੰਡ ਢੈਂਠਲ ਵਿਖੇ ਬੈਠਾ ਨਸ਼ੀਲੀਆਂ ਗੋਲੀਆਂ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਿਸ ਨੇ ਸੂਚਨਾ ਅਨੁਸਾਰ ਛਾਪਾ ਮਾਰਿਆ ਤਾਂ ਕਥਿਤ ਦੋਸ਼ੀ ਪਾਸੋਂ 390 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।