ਦੇਵੀਗੜ੍ਹ ਬੱਸ ਅੱਡੇ ਚੋਰੀ ਹੋਈ ਪੀ. ਆਰ. ਟੀ. ਸੀ. ਦੀ ਬੱਸ ਬਲਬੇੜਾ ਤੋਂ ਹੋਈ ਬਰਾਮਦ
ਦੇਵੀਗੜ੍ਹ, 4 ਅਗਸਤ (ਰਾਜਿੰਦਰ ਸਿੰਘ ਮੌਜੀ)-ਬੀਤੀ ਰਾਤ ਦੇਵੀਗੜ੍ਹ ਬੱਸ ਅੱਡੇ ਤੋਂ ਪੀ. ਆਰ.
ਦੇਵੀਗੜ੍ਹ, 4 ਅਗਸਤ (ਰਾਜਿੰਦਰ ਸਿੰਘ ਮੌਜੀ)-ਬੀਤੀ ਰਾਤ ਦੇਵੀਗੜ੍ਹ ਬੱਸ ਅੱਡੇ ਤੋਂ ਪੀ. ਆਰ. ਟੀ. ਸੀ. ਦੀ ਬੱਸ ਚੋਰੀ ਹੋਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਰਾਹਤ ਦੀ ਖ਼ਬਰ ਇਹ ਰਹੀ ਕਿ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਮੁਸਤੈਦੀ ਦਿਖਾਉਂਦਿਆਂ ਚੋਰੀ ਹੋਈ ਬੱਸ ਨੂੰ ਨੇੜਲੇ ਇਲਾਕੇ ਬਲਬੇੜਾ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਬੱਸ ਦੇ ਡਰਾਈਵਰ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਬੱਸ ਨੰਬਰ ਪੀ.ਬੀ 11ਸੀ.ਐਫ.9232 ਨੂੰ ਪਟਿਆਲਾ ਤੋਂ ਇਸਮਾਇਲਾਬਾਦ ਤੇ ਘੜਾਮ ਦੇ ਨਿਯਮਤ ਰੂਟਾਂ ’ਤੇ ਚਲਾਉਂਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਬੱਸ ਨੂੰ ਦੇਵੀਗੜ੍ਹ ਬੱਸ ਅੱਡੇ ਵਿਖੇ ਸੁਰੱਖਿਅਤ ਖੜ੍ਹਾ ਕਰਕੇ ਆਪਣੇ ਘਰ ਚਲਾ ਗਿਆ ਸੀ। ਰੋਜ਼ਾਨਾ ਵਾਂਗ ਜਦੋਂ ਉਹ ਅਗਲੇ ਦਿਨ ਸਵੇਰੇ ਕਰੀਬ ਸਮੇਂ ਸਿਰ ਬੱਸ ਅੱਡੇ ‘ਤੇ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਨਿਰਧਾਰਤ ਥਾਂ ਤੋਂ ਬੱਸ ਗਾਇਬ ਸੀ। ਬੱਸ ਦੇ ਗਾਇਬ ਹੋਣ ਦਾ ਪਤਾ ਲੱਗਦਿਆਂ ਹੀ ਡਰਾਈਵਰ ਸਿਕੰਦਰ ਸਿੰਘ ਨੇ ਬਿਨਾਂ ਕਿਸੇ ਦੇਰੀ ਦੇ ਇਸ ਦੀ ਸੂਚਨਾ ਥਾਣਾ ਜ਼ੁਲਕਾਂ ਦੀ ਪੁਲਿਸ ਤੇ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਜ਼ੁਲਕਾਂ ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਜ਼ੁਲਕਾਂ ਦੇ ਇੰਚਾਰਜ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨੇੜਲੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਕੁਝ ਸਮੇਂ ਦੀ ਭਾਲ ਤੋਂ ਬਾਅਦ ਚੋਰੀ ਹੋਈ ਇਹ ਬੱਸ ਬਲਬੇੜਾ ਇਲਾਕੇ ਵਿਚੋਂ ਲਾਵਾਰਸ ਹਾਲਤ ਵਿਚ ਬਰਾਮਦ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਸ ਤਾਂ ਮਿਲ ਗਈ ਹੈ ਪਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਚੋਰ ਕੌਣ ਸੀ ਅਤੇ ਉਸ ਨੇ ਬੱਸ ਕਿਉਂ ਚੋਰੀ ਕੀਤੀ ਸੀ, ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਚੋਰ ਦੀ ਪਛਾਣ ਯਕੀਨੀ ਬਣਾਉਣ ਲਈ ਦੇਵੀਗੜ੍ਹ ਬੱਸ ਅੱਡੇ ਤੇ ਨੇੜੇ ਦੇ ਰਸਤਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਬੱਸ ਅੱਡਿਆਂ ’ਤੇ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।