ਭਾਸ਼ਾ ਵਿਭਾਗ ਦੇ ਸੇਲ ਕੇਂਦਰ ਦਾ ਬੰਦ ਦੁਆਰ, ਕਿਵੇਂ ਫੈਲੇਗਾ ਪੁਸਤਕ ਸੱਭਿਆਚਾਰ ?
ਪਟਿਆਲਾ, 29 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਪੁਸਤਕ ਵਿਕਰੀ ਕੇਂਦਰ ਦਾ ਬੰਦ ਦੁਆਰ ਇਨ੍ਹੀਂ ਦਿਨੀਂ ਪਾਠਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਵਿਭਾਗ ਦੀਆਂ ਪੁਸਤਕਾਂ ਤੇ ਹੋਰ ਸਾਹਿਤਕ ਸਮੱਗਰੀ ਖਰੀਦਣ ਲਈ ਕੇਂਦਰ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਪੁਸਤਕਾਂ ਦੇਣ ਵਾਲਾ ਕਰਮਚਾਰੀ ਨਾ ਮਿਲਣ ਕਾਰਨ ਕਦੇ ਕਿਸੇ ਅਧਿਕਾਰੀ ਦੀ ਭਾਲ ਕਰਨੀ ਪੈਂਦੀ ਹੈ ਤੇ ਕਦੇ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ।
ਪਟਿਆਲਾ, 29 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਪੁਸਤਕ ਵਿਕਰੀ ਕੇਂਦਰ ਦਾ ਬੰਦ ਦੁਆਰ ਇਨ੍ਹੀਂ ਦਿਨੀਂ ਪਾਠਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਵਿਭਾਗ ਦੀਆਂ ਪੁਸਤਕਾਂ ਤੇ ਹੋਰ ਸਾਹਿਤਕ ਸਮੱਗਰੀ ਖਰੀਦਣ ਲਈ ਕੇਂਦਰ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਪੁਸਤਕਾਂ ਦੇਣ ਵਾਲਾ ਕਰਮਚਾਰੀ ਨਾ ਮਿਲਣ ਕਾਰਨ ਕਦੇ ਕਿਸੇ ਅਧਿਕਾਰੀ ਦੀ ਭਾਲ ਕਰਨੀ ਪੈਂਦੀ ਹੈ ਤੇ ਕਦੇ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਵਿਕਰੀ ਕੇਂਦਰ ’ਤੇ ਪੁਸਤਕਾਂ ਦੀ ਵਿਕਰੀ ਦਾ ਕੰਮ ਦੇਖਣ ਵਾਲੇ ਕਰਮਚਾਰੀ ਦੀ ਡਿਊਟੀ ਇਨ੍ਹੀਂ ਦਿਨੀਂ ਹੋਰ ਥਾਂ ਲਗਾਈ ਗਈ ਹੈ। ਉਸ ਦੀ ਥਾਂ ਕਿਸੇ ਹੋਰ ਕਰਮਚਾਰੀ ਦੀ ਨਿਯਮਤ ਡਿਊਟੀ ਲਗਾਉਣ ਦੀ ਬਜਾਏ ਵਿਕਰੀ ਕੇਂਦਰ ਨੂੰ ਅਜਿਹੀ ਸਥਿਤੀ ਵਿਚ ਛੱਡ ਦਿੱਤਾ ਗਿਆ ਹੈ ਕਿ ਪੁਸਤਕਾਂ ਲੈਣ ਆਉਣ ਵਾਲੇ ਪਾਠਕਾਂ ਨੂੰ ਪਹਿਲਾਂ ਇਹ ਪਤਾ ਕਰਨਾ ਪੈਂਦਾ ਹੈ ਕਿ ਕਿਤਾਬਾਂ ਕੌਣ ਦੇਵੇਗਾ ਤੇ ਚਾਬੀ ਕਿਸ ਕੋਲ ਹੈ। ਸਰਕਾਰੀ ਵਿਭਾਗ ਵਲੋਂ ਪੁਸਤਕਾਂ ਦੀ ਵਿਕਰੀ ਲਈ ਬਣਾਏ ਗਏ ਕੇਂਦਰ ਦਾ ਮਕਸਦ ਪਾਠਕਾਂ ਨੂੰ ਵਿਭਾਗੀ ਪ੍ਰਕਾਸ਼ਨ ਆਸਾਨੀ ਨਾਲ ਉਪਲਬਧ ਕਰਵਾਉਣਾ ਹੈ ਪਰ ਜਦੋਂ ਪੁਸਤਕਾਂ ਖਰੀਦਣ ਆਉਣ ਵਾਲੇ ਵਿਅਕਤੀ ਨੂੰ ਹੀ ਅਧਿਕਾਰੀ ਲੱਭਣ ਲਈ ਭਟਕਣਾ ਪਵੇ ਤਾਂ ਇਹ ਪ੍ਰਬੰਧ ਆਪਣੇ ਆਪ ਵਿਚ ਸਵਾਲ ਖੜ੍ਹਾ ਕਰਦਾ ਹੈ। ਖ਼ਾਸ ਕਰਕੇ ਦੂਰ-ਦੁਰਾਡੇ ਤੋਂ ਪਟਿਆਲਾ ਪੁੱਜਣ ਵਾਲੇ ਪਾਠਕਾਂ ਲਈ ਇਹ ਖੱਜਲ-ਖੁਆਰੀ ਹੋਰ ਵੀ ਗੰਭੀਰ ਹੈ। ਪੁਸਤਕ ਛਾਪਣ ਨਾਲ ਹੀ ਪੁਸਤਕ ਸੱਭਿਆਚਾਰ ਨਹੀਂ ਫੈਲਦਾ, ਪੁਸਤਕ ਪਾਠਕ ਦੇ ਹੱਥ ਤੱਕ ਪਹੁੰਚੇ, ਇਹ ਵੀ ਓਨੀ ਹੀ ਵੱਡੀ ਜ਼ਿੰਮੇਵਾਰੀ ਹੈ। ਸਾਹਿਤਕ ਹਲਕਿਆਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਜਦੋਂ ਪੰਜਾਬੀ ਸਾਹਿਤ ਦੀਆਂ ਨਵੀਆਂ ਪੁਸਤਕਾਂ ਦੀ ਛਪਾਈ ਤੇ ਉਪਲਬਧਤਾ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਹੈ ਤਾਂ ਮੌਜੂਦਾ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਵਾਲਾ ਵਿਕਰੀ ਕੇਂਦਰ ਵੀ ਨਿਯਮਤ ਢੰਗ ਨਾਲ ਨਾ ਚੱਲੇ ਤਾਂ ਪੰਜਾਬੀ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਕਿਵੇਂ ਮਿਲੇਗਾ? ਪਾਠਕਾਂ ਦਾ ਕਹਿਣਾ ਹੈ ਕਿ ਕਿਸੇ ਕਰਮਚਾਰੀ ਦੀ ਡਿਊਟੀ ਹੋਰ ਥਾਂ ਲਗਾਉਣਾ ਪ੍ਰਸ਼ਾਸਕੀ ਲੋੜ ਹੋ ਸਕਦੀ ਹੈ ਪਰ ਉਸ ਦੀ ਥਾਂ ਬਦਲਵੀਂ ਵਿਵਸਥਾ ਨਾ ਕਰਨਾ ਪਾਠਕਾਂ ਨੂੰ ਅਧਿਕਾਰੀਆਂ ਦੀ ਭਾਲ ਲਈ ਮਜਬੂਰ ਕਰਦਾ ਹੈ। ਜੇਕਰ ਵਿਕਰੀ ਕੇਂਦਰ ਨਿਯਮਤ ਸਮੇਂ ਦੌਰਾਨ ਨਹੀਂ ਚੱਲ ਸਕਦਾ ਤਾਂ ਘੱਟੋ-ਘੱਟ ਕੇਂਦਰ ਦੇ ਬਾਹਰ ਸਪੱਸ਼ਟ ਸੂਚਨਾ ਲਗਾਈ ਜਾਣੀ ਚਾਹੀਦੀ ਹੈ ਕਿ ਪੁਸਤਕਾਂ ਲੈਣ ਲਈ ਕਿਸ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ। ਸਾਹਿਤ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਵਿਕਰੀ ਕੇਂਦਰ ’ਤੇ ਤੁਰੰਤ ਕਿਸੇ ਹੋਰ ਕਰਮਚਾਰੀ ਦੀ ਪੱਕੀ ਡਿਊਟੀ ਲਗਾਈ ਜਾਵੇ ਤੇ ਪੁਸਤਕਾਂ ਦੀ ਵਿਕਰੀ ਨੂੰ ਕਿਸੇ ਇਕ ਕਰਮਚਾਰੀ ਦੀ ਗੈਰ-ਮੌਜੂਦਗੀ ਨਾਲ ਪ੍ਰਭਾਵਿਤ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਭਾਸ਼ਾ ਵਿਭਾਗ ਵਰਗੇ ਅਦਾਰੇ ਵਿਚ ਪੁਸਤਕਾਂ ਦੀ ਵਿਕਰੀ ਕੋਈ ਆਮ ਦਫ਼ਤਰੀ ਕੰਮ ਨਹੀਂ, ਬਲਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਮ ਸਾਧਨ ਹੈ। ਇਕ ਪਾਸੇ ਪੰਜਾਬੀ ਪੁਸਤਕਾਂ ਦੀ ਛਪਾਈ ਅਤੇ ਸਾਹਿਤਕ ਸਮੱਗਰੀ ਦੀ ਘਾਟ ਦੀ ਚਰਚਾ, ਦੂਜੇ ਪਾਸੇ ਪੁਸਤਕਾਂ ਵੇਚਣ ਵਾਲੇ ਕੇਂਦਰ ਵਿਚ ਪਾਠਕਾਂ ਲਈ ਸੁਚੱਜੀ ਵਿਵਸਥਾ ਦੀ ਘਾਟ ਇਹ ਦੋਵੇਂ ਹਾਲਾਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਇਸ ਸੰਬੰਧੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਵਿਭਾਗ ਦਾ ਸਟਾਫ਼ ਇਨ੍ਹੀਂ ਦਿਨੀਂ ਚੋਣ ਡਿਊਟੀ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪੁਸਤਕਾਂ ਜਾਂ ਹੋਰ ਸਮੱਗਰੀ ਲੈਣ ਲਈ ਆਉਂਦਾ ਹੈ ਤਾਂ ਉਹ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅਨੁਸਾਰ ਕਿਸੇ ਨਾ ਕਿਸੇ ਅਧਿਕਾਰੀ ਕੋਲ ਵਿਕਰੀ ਕੇਂਦਰ ਦੀ ਚਾਬੀ ਉਪਲਬਧ ਹੋਵੇਗੀ ਅਤੇ ਲੋੜ ਪੈਣ ’ਤੇ ਪੁਸਤਕਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ।