ਸਨੌਰ ਤੇ ਭੁਨਰਹੇੜੀ ਬਲਾਕਾਂ ’ਚ ਕਰੋੜਾਂ ਦੇ ਘਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ– ਪਠਾਣਮਾਜਰਾ
ਡਕਾਲਾ, 19 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਲਾਕ ਸਨੌਰ ਅਤੇ ਭੁਨਰਹੇੜੀ ਦੇ ਬੀ. ਡੀ.
ਡਕਾਲਾ, 19 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਲਾਕ ਸਨੌਰ ਅਤੇ ਭੁਨਰਹੇੜੀ ਦੇ ਬੀ.ਡੀ.ਪੀ.ਓ. ਦਫ਼ਤਰਾਂ ਨਾਲ ਸੰਬੰਧਿਤ ਪੰਚਾਇਤੀ ਕੰਮਕਾਜ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਬਲਾਕਾਂ ਵਿਚ ਕੁਝ ਪੰਚਾਇਤ ਸੈਕਟਰੀਆਂ ਵਲੋਂ ਸਰਪੰਚਾਂ ਦੀ ਸਹਿਮਤੀ ਤੋਂ ਬਿਨਾਂ ਕਰੋੜਾਂ ਰੁਪਏ ਦੇ ਕਥਿਤ ਘਪਲੇ ਕੀਤੇ ਗਏ ਹਨ। ਪਠਾਣਮਾਜਰਾ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ, ਪਰ ਉਨ੍ਹਾਂ ਅਨੁਸਾਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਚਾਇਤੀ ਫੰਡ ਲੋਕਾਂ ਦੇ ਵਿਕਾਸ ਕਾਰਜਾਂ ਲਈ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਵਿਚ ਪੂਰੀ ਪਾਰਦਰਸ਼ਤਾ ਤੇ ਜਵਾਬਦੇਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੰਜਾਬ ਵਿਜੀਲੈਂਸ ਬਿਊਰੋ ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਪੂਰਾ ਸੱਚ ਸਾਹਮਣੇ ਆ ਸਕੇ। ਪਠਾਣਮਾਜਰਾ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕਥਿਤ ਬੇਨਿਯਮੀਆਂ ਪਿੱਛੇ ਕੌਣ-ਕੌਣ ਜ਼ਿੰਮੇਵਾਰ ਹੈ ਅਤੇ ਇਸ ਵਿਚ ਕਿਸ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ’ਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆ ਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਨੇ ਕਿਹਾ ਕਿ ਪੰਚਾਇਤੀ ਫੰਡਾਂ ਦੀ ਵਰਤੋਂ ਵਿਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਮੰਗ ਕੀਤੀ ਕਿ ਸਨੌਰ ਅਤੇ ਭੁਨਰਹੇੜੀ ਬਲਾਕਾਂ ਨਾਲ ਸੰਬੰਧਿਤ ਪੰਚਾਇਤਾਂ ਦੇ ਰਿਕਾਰਡ ਅਤੇ ਫੰਡਾਂ ਦੀ ਵਰਤੋਂ ਦੀ ਵਿਸਥਾਰਤ ਜਾਂਚ ਕਰਵਾਈ ਜਾਵੇ।