ਬਜ਼ੁਰਗ ਵਿਧਵਾ ਔਰਤ ਨੇ ਐਸ.ਪੀ. ਰੈਂਕ ਦੇ ਅਫ਼ਸਰ ’ਤੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਕੁੱਟਮਾਰ ਦੇ ਲਗਾਏ ਦੋਸ਼, ਅਫ਼ਸਰ ਨੇ ਦੋਸ਼ ਨਕਾਰੇ
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)-ਸ਼ਹਿਰ ਵਿਚ ਕਿਸ਼ੋਰ ਕਾਲੋਨੀ ਨੇੜੇ ਪੰਜਾਬੀ ਬਾਗ਼ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਅਮਰਜੀਤ ਕੌਰ ਪਤਨੀ ਸਵਰਗੀ ਪਰਮਜੀਤ ਸਿੰਘ ਨੇ ਸ਼ਹਿਰ ਵਿਚ ਤਾਇਨਾਤ ਐਸ. ਪੀ.
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)-ਸ਼ਹਿਰ ਵਿਚ ਕਿਸ਼ੋਰ ਕਾਲੋਨੀ ਨੇੜੇ ਪੰਜਾਬੀ ਬਾਗ਼ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਅਮਰਜੀਤ ਕੌਰ ਪਤਨੀ ਸਵਰਗੀ ਪਰਮਜੀਤ ਸਿੰਘ ਨੇ ਸ਼ਹਿਰ ਵਿਚ ਤਾਇਨਾਤ ਐਸ.ਪੀ. ਰੈਂਕ ਦੇ ਪੁਲਿਸ ਅਫ਼ਸਰ ਰਾਜੇਸ਼ ਛਿੱਬਰ ’ਤੇ ਉਨ੍ਹਾਂ ਦੇ ਪਲਾਟ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਦੀ ਨੂੰਹ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਐਸ.ਪੀ. ਰਾਜੇਸ਼ ਛਿੱਬਰ ਨੇ ਕਿਹਾ ਕਿ ਇਹ ਲੋਕੀਂ ਉਨ੍ਹਾਂ ’ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ ਲੋਕਾਂ ’ਤੇ ਮੀਡੀਆ ਨੂੰ ਗੁਮਰਾਹ ਕਰ ਰਹੇ ਹਨ। ਉਹ ਇਨ੍ਹਾਂ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਕੋਈ ਕੁੱਟਮਾਰ ਨਹੀਂ ਕੀਤੀ ਇਹ ਸਾਰੀ ਮਨਘੜਤ ਕਹਾਣੀ ਹੈ। ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਿਸ਼ੋਰ ਕਾਲੋਨੀ ਵਿਚ ਪਲਾਟ ਵਿਚ ਬਣੇ ਮਕਾਨ ਵਿਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਇਹ ਪਲਾਟ ਉਸ ਦੇ ਸਹੁਰੇ ਨੇ ਖ਼ਰੀਦਿਆ ਸੀ। ਉਸ ਨੇ ਦੋਸ਼ ਲਗਾਇਆ ਤੇ ਐਸ.ਪੀ. ਰਾਜੇਸ਼ ਛਿੱਬਰ ਤੇ ਉਸਦੇ ਸਾਥੀ ਇਸ ਪਲਾਟ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਮਕਸਦ ਨਾਲ ਉਨ੍ਹਾਂ ਨੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਹਨ। ਉਸਨੇ ਇਹ ਦੋਸ਼ ਵੀ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਆਪਣੇ ਨਾਮ ਕਰਵਾਈ ਹੈ ਤੇ ਹੁਣ ਉਨ੍ਹਾਂ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਇਕ ਸੀ.ਸੀ.ਟੀ.ਵੀ. ਫੁਟੇਜ ਵਿਖਾਈ ਜਿਸ ਵਿਚ ਕੁੱਝ ਪੁਲਿਸ ਮੁਲਾਜ਼ਮ ਪਲਾਟ ਵਿਚ ਕੰਧ ਕਰਵਾਉਂਦੇ ਨਜ਼ਰ ਆਉਂਦੇ ਹਨ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਐਸ.ਪੀ. ਰਾਜੇਸ਼ ਛਿੱਬਰ ਨੇ ਕਿਹਾ ਕਿ ਅਮਰਜੀਤ ਕੌਰ ਵਲੋਂ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ ਜਿਨ੍ਹਾਂ ਬਾਰੇ ਉਨ੍ਹਾਂ ਦੇ ਗੁਆਂਢੀ ਰਾਕੇਸ਼ ਗੋਇਲ ਨੇ ਵੀ ਦੱਸ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਹਿਲਾ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ, ਇਸ ਵਲੋਂ ਪਲਾਟ ਵਿਚ ਮੱਝਾਂ ਰੱਖ ਕੇ ਨਿਯਮਾਂ ਦੀ ਉਲੰਘਣਾ ਦੀ ਨਗਰ ਨਿਗਮ ਨੂੰ ਸ਼ਿਕਾਇਤ ਕਰਨਗੇ ਅਤੇ ਇਸਦੇ ਖ਼ਿਲਾਫ਼ ਸੁਪਰੀਮ ਕੋਰਟ ਤੱਕ ਕੇਸ ਲੜਨਗੇ । ਦੂਜੇ ਪਾਸੇ ਪਟਿਆਲਾ ਮੀਡੀਆ ਕਲੱਬ ਵਿਚ ਹੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਗੋਇਲ ਅਤੇ ਉਨ੍ਹਾਂ ਦੇ ਅਤੇ ਐਸ.ਪੀ. ਛਿੱਬਰ ਦੀ ਪਤਨੀ ਰੂਚੀ ਛਿੱਬਰ ਦੇ ਵਕੀਲ ਐਡਵੋਕੇਟ ਵਿਜੇ ਗੋਇਲ ਨੇ ਪਲਾਟ ਦੀ ਰਜਿਸਟਰੀ ਤੇ ਅਦਾਲਤ ਦੇ ਫ਼ੈਸਲੇ ਦੀ ਕਾਪੀ ਵਿਖਾਉਂਦਿਆਂ ਦੱਸਿਆ ਕਿ 501 ਗਜ ਦੇ ਪਲਾਟ ਵਿਚੋਂ 334 ਗਜ ਪਲਾਟ ਉਨ੍ਹਾਂ ਦਾ ਹੈ ਤੇ 167 ਪਲਾਟ ਅਮਰਜੀਤ ਕੌਰ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਲਾਟ ਦਾ ਕਬਜ਼ਾ ਉਨ੍ਹਾਂ ਕੋਲ ਹੈ ਤੇ ਅਮਰਜੀਤ ਕੌਰ ਦੇ ਪਲਾਟ ਦਾ ਕਬਜ਼ਾ ਉਨ੍ਹਾਂ ਕੋਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਅਮਰਜੀਤ ਕੌਰ ਦੇ ਪਲਾਟ ’ਤੇ ਕਬਜ਼ਾ ਕਰਨ ਦਾ ਯਤਨ ਨਹੀਂ ਕੀਤਾ ਤੇ ਆਪਣਾ ਪਲਾਟ ਜੋ ਰਾਕੇਸ਼ ਗੋਇਲ ਅਤੇ ਰੂਚੀ ਛਿੱਬਰ ਨੇ 2022 ਵਿਚ ਪਲਾਟ ਖ਼ਰੀਦਿਆ ਸੀ ਤੇ ਦੋਵੇਂ 167-167 ਗਜ ਪਲਾਟ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਅਮਰਜੀਤ ਕੌਰ ਮੀਡੀਆ ਵਿਚ ਅਤੇ ਸੋਸ਼ਲ ਮੀਡੀਆ ਵਿਚ ਐਸ.ਪੀ. ਰੈਂਕ ਦੇ ਅਫ਼ਸਰ ’ਤੇ ਦੋਸ਼ ਲਗਾ ਕੇ ਸਿਰਫ਼ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਲਟਾ ਅਮਰਜੀਤ ਕੌਰ ਦੇ ਪਰਿਵਾਰ ਨੇ ਰਾਕੇਸ਼ ਗੋਇਲ ਨੂੰ ਗਾਲ੍ਹਾਂ ਕੱਢੀਆਂ ਹਨ ਤੇ ਧਮਕਾਇਆ ਜਿਸ ਦੀ ਸ਼ਿਕਾਇਤ ਸਿਵਲ ਲਾਈਨ ਪੁਲਿਸ ਸਟੇਸ਼ਨ ਕੋਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਕੌਰ ਦੇ ਲਗਾਏ ਦੋਸ਼ ਬਿਲਕੁਲ ਨਿਰਾਧਾਰ, ਝੂਠੇ ਤੇ ਬੇਬੁਨਿਆਦ ਹਨ।