ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਗੋਸ਼ਟੀ
ਪਟਿਆਲਾ, 30 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਗਠਿਤ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦਾ ਉਦੇਸ਼ ਵਿਦਿਆਰਥੀਆਂ ਵਿਚ ਸਾਹਿਤਕ ਤੇ ਕਲਾਤਮਿਕ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਢੁੱਕਵਾਂ ਮੰਚ ਪ੍ਰਦਾਨ ਕਰਨਾ ਸੀ।
ਪਟਿਆਲਾ, 30 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਗਠਿਤ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦਾ ਉਦੇਸ਼ ਵਿਦਿਆਰਥੀਆਂ ਵਿਚ ਸਾਹਿਤਕ ਤੇ ਕਲਾਤਮਿਕ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਢੁੱਕਵਾਂ ਮੰਚ ਪ੍ਰਦਾਨ ਕਰਨਾ ਸੀ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਸਾਹਿਤ ਤੇ ਕਲਾ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਤਕਨਾਲੋਜੀ ਅਤੇ ਨਕਲੀ ਬੁੱਧੀ ਦੇ ਵਧਦੇ ਪ੍ਰਭਾਵ ਦੇ ਬਾਵਜੂਦ ਅਜਿਹੇ ਮੰਚ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਨਿਖਾਰਨ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਕਾਲਜ ਮਿਆਰੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਹਿ-ਸਰਗਰਮੀਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ। ਪੰਜਾਬੀ ਵਿਭਾਗ ਦੀ ਮੁਖੀ ਡਾ. ਵੀਰਪਾਲ ਕੌਰ ਨੇ ਸਾਹਿਤਕ ਗੋਸ਼ਟੀਆਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਾਲਜ ਦੀ ਸਾਹਿਤਕ ਗੋਸ਼ਟੀ ਦੇ ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਵਕਤਾ ਡਾ. ਗੁਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ ਦੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਗੁਰਜੰਟ ਸਿੰਘ, ਰੂਬਨਦੀਪ ਕੌਰ, ਗੌਤਮ ਵਰਮਾ, ਹਰਨੀਲ ਸਿੰਘ, ਦਮਨਜੀਤ ਸਿੰਘ, ਅੰਬਰਪ੍ਰੀਤ ਕੌਰ, ਅਨੀਕਾ ਗੌਤਮ, ਮੁਕੇਸ਼ ਕੁਮਾਰ, ਦੀਕਸ਼ਾ, ਹਰਮਿਲਨ ਸਿੰਘ ਅਤੇ ਰਮਨਜੋਤ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਤੇ ਮਨੁੱਖੀ ਜੀਵਨ ਦੇ ਪੱਖਾਂ ਨੂੰ ਸੰਵੇਦਨਸ਼ੀਲਤਾ ਨਾਲ ਉਭਾਰਿਆ। ਅੰਤ ਵਿਚ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ. ਦੀਪਕ ਕੁਮਾਰ ਨੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਸੰਜੀਦਗੀ ਨਾਲ ਪੜ੍ਹਨ-ਲਿਖਣ ਲਈ ਪ੍ਰੇਰਿਤ ਕੀਤਾ। ਸਭਾ ਦੇ ਸਹਿ-ਇੰਚਾਰਜ ਪ੍ਰੋ. ਗੁਰਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।