ਪਟਿਆਲਾ, 30 ਸਤੰਬਰ (ਅ. ਸ. ਆਹਲੂਵਾਲੀਆ)- ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵਲੋਂ ਨਵੰਬਰ ਤਕ ‘‘ਜੂਨੀਅਰ ਪੀ.ਆਰ.ਟੀ.ਸੀ.’’ ਬੱਸਾਂ ਨਾਮ ਤਹਿਤ ਆਪਣੇ ਬੇੜੇ ਵਿਚ 100 ਮਿੰਨੀ ਬੱਸਾਂ ਪਾ ਲਈਆਂ ਜਾਣਗੀਆਂ, ਜਿਸ ਤੋਂ ਬਾਅਦ 300 ਦੇ ਕਰੀਬ ਹੋਰ ਬੱਸਾਂ ਪਾਈਆਂ ਜਾਣਗੀਆਂ। ਇਹ ਗੱਲ ਪੀ.ਆਰ.ਟੀ . ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖ਼ਾਸ ਦਿਲਚਸਪੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ। ਉਹ ਅੱਜ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਤੋਂ 11 ਨਵੀਆਂ ਬੱਸਾਂ ਨੂੰ ਪਿੰਡਾਂ ਵਲ ਚਲਾਉਣ ਲਈ ਹਰੀ ਝੰਡੀ ਦੇਣ ਪਹੁੰਚੇ। ਨਵੀਆਂ ਬੱਸਾਂ ਸਨਰੂਫ਼ ਹੋਣ ਦੇ ਨਾਲ ਨਾਲ ਕੈਮਰਿਆਂ ਦੀ ਸਹੂਲਤ ਨਾਲ ਲੈਸ ਹੋਣਗੀਆਂ ਤਾਂਕਿ ਕਿਸੇ ਵੀ ਦੁਰਘਟਨਾ ਆਦਿ ਦਾ ਸਹੀ ਸਹੀ ਪਤਾ ਲਗਾਇਆ ਜਾ ਸਕੇ। ਸ੍ਰੀ ਜੁਨੇਜਾ ਮੁਤਾਬਿਕ ਇਸ ਤੋਂ ਪਹਿਲਾਂ 254 ਬੱਸਾਂ ਪਾਈਆਂ ਜਾ ਚੁੱਕੀਆਂ ਹਨ ਜਿਸ ਪਿੱਛੇ ਲੋਕਾਂ ਨੂੰ ਵਧੀਆ ਸਫ਼ਰ ਸਹੂਲਤਾਂ ਦੇਣ ਦੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵੱਡੀ ਗਿਣਤੀ ’ਚ ਨਵੇਂ ਬੱਸ ਸਟਾਪ ਬਣਾਏ ਜਾ ਰਹੇ ਹਨ ਤਾਂ ਕਿ ਬੱਸਾਂ ਦੀ ਉਡੀਕ ਕਰ ਰਹੀਆਂ ਸਵਾਰੀਆਂ ਨੂੰ ਮੀਂਹ ਤੇ ਧੁੱਪ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟਿਆਲਾ ਦਾ ਪੁਰਾਣਾ ਬੱਸ ਅੱਡਾ ਜੋ ਲੰਮੇ ਸਮੇਂ ਤੋਂ ਬੰਦ ਸੀ ਵਿਖੇ ਚਲਾਈਆਂ ਜਾਣ ਵਾਲੀਆਂ ਮਿੰਨੀ ਬੱਸਾਂ ਜੋ ਆਲੇ ਦੁਆਲੇ ਦੇ ਪਿੰਡਾਂ ਤੋਂ ਸਵਾਰੀਆਂ ਨੂੰ ਸ਼ਹਿਰ ਲੈ ਕੇ ਆਉਣਗੀਆਂ ਨਾਲ ਦੁਬਾਰਾ ਚਲਾਇਆ ਜਾਵੇਗਾ। ਨਵੀਆਂ ਬੱਸਾਂ ਪਾਉਣ ਨਾਲ ਜਿੱਥੇ 2000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਪਟਿਆਲਾ ’ਚ 25 ਅਤਿ ਆਧੁਨਿਕ ਬੱਸ ਸਟਾਪ ਬਣਾਏ ਜਾ ਰਹੇ ਹਨ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਹੋਣਗੇ।