ਪਿੰਡ ਟੌਹੜੇ ਨੂੰ ਆਉਣ - ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਦਾ ਹਾਲ ਮੰਦੜਾ
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਵਿਧਾਨ ਸਭਾ ਹਲਕਾ ਨਾਭਾ ਦੇ ਮਸ਼ਹੂਰ ਪਿੰਡ ਟੌਹੜਾ ਜਿਸ ਨੂੰ ਕਿ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਵ. ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਸਿਆਸਤ ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਵਿਧਾਨ ਸਭਾ ਹਲਕਾ ਨਾਭਾ ਦੇ ਮਸ਼ਹੂਰ ਪਿੰਡ ਟੌਹੜਾ ਜਿਸ ਨੂੰ ਕਿ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਵ.ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਸਿਆਸਤ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਪਿੰਡ ਨੂੰ ਆਉਣ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਕਰਕੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਸਲੇ ਨੂੰ ਲੈ ਕੇ ਜਦੋਂ ਅਜੀਤ ਦੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਦਿੱਤੂਪੁਰ ਜੱਟਾਂ ਤੋਂ ਡਕੌਂਦਾ, ਸ਼ਾਹਪੁਰ ਤੋਂ ਟੌਹੜਾ ਨੂੰ ਜਾਣ ਵਾਲੀ ਸੜਕ ਵਿਚ ਥਾਂ-ਥਾਂ ਤੇ ਟੋਏ ਪੈ ਚੁੱਕੇ ਹਨ, ਜਿਨ੍ਹਾਂ ਦਾ ਹੱਲ ਕਰਨ ਲਈ ਲੋਕ ਨਿਰਮਾਣ ਵਿਭਾਗ ਰੱਤੀ ਭਰ ਵੀ ਫੁਰਤੀ ਨਹੀਂ ਵਿਖਾ ਰਿਹਾ ਹੈ, ਰੋਡ ਤੇ ਖੱਡੇ ਪੈ ਜਾਣ ਕਾਰਨ ਜਨਤਾ ਡਿੱਗ ਕੇ ਸੱਟਾਂ ਖਾ ਰਹੀ ਹੈ, ਖ਼ਸਤਾ ਹਾਲਤ ਸੜਕਾਂ ਕਾਰਨ ਨੇੜਲੇ ਪਿੰਡਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਟੌਹੜਾ ਨੂੰ ਪਟਿਆਲਾ-ਭਾਦਸੋਂ ਰੋਡ ਰਜਵਾਹੇ ਦੇ ਨਾਲ-ਨਾਲ ਜਾਣ ਵਾਲੀ ਵਾਇਆ ਦਿੱਤੂਪੁਰ ਤੋਂ ਜਾਂਦੀ ਸੜਕ ਵਿਚ ਵੀ ਵੱਡੇ-ਵੱਡੇ ਟੋਏ ਪਏ ਹਨ, ਜਿਸ ਦੀ ਆਮ ਆਦਮੀ ਪਾਰਟੀ ਤੇ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਸੁੱਧ ਨਹੀਂ ਲਈ ਗਈ। ਇਸ ਤੋਂ ਇਲਾਵਾ ਟੌਹੜਾ ਤੋਂ ਸਾਹੀਵਾਲ ਨੂੰ ਜਾਂਦੀ ਸੜਕ ਤੇ ਖਿੱਲਰੇ ਰੋੜੇ ਵੱਟੇ ਪਾਏ ਹੋਏ ਹਨ ਪਰੰਤੂ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਨੂੰ ਨਿੱਤ ਚੜ੍ਹਦੇ ਦਿਨ ਮੁਸ਼ਕਿਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਸੜਕ ਦੇ ਨਿਰਮਾਣ ਬਾਰੇ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਤੇ ਲਾਲ ਸਿੰਘ ਟੌਹੜਾ ਸੀਨੀਅਰ ਕਾਂਗਰਸੀ ਆਗੂ ਨੇ ਆਮ ਲੋਕਾਂ ਦੀ ਸਮੱਸਿਆ ਨੂੰ ਵੇਖਦਿਆਂ ਜਲਦੀ ਤੋਂ ਜਲਦੀ ਸੜਕ ਤੇ ਪੀ੍ਮਿਕਸ ਪਾਉਣ ਦੀ ਮੰਗ ਕੀਤੀ ਤਾਂ ਜੋ ਹਰ ਰੋਜ਼ ਇੱਥੋਂ ਗੁਜ਼ਰਨ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ।