20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲੰਬੀ ਹਲਕੇ 'ਚ ਨਿੱਜੀਕਰਨ ਵਿਰੁੱਧ ਜਨਤਕ ਜਥੇਬੰਦੀਆਂ ਦਾ ਦੂਜੇ ਦਿਨ ਵੀ ਝੰਡਾ ਮਾਰਚ

Ad Position 21
No active advertisement
ਅਜੀਤ ਡੈਸਕ 01-01-2026
ਮੰਡੀ ਕਿੱਲਿਆਂਵਾਲੀ, 31 ਦਸੰਬਰ (ਇਕਬਾਲ ਸਿੰਘ ਸ਼ਾਂਤ)-ਆਲਮੀ ਪੱਧਰ 'ਤੇ ਨਵੇਂ ਵਰ੍ਹੇ 2026 ਦੀ ਖੁਸ਼-ਆਮਦ ਮੌਕੇ ਵੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਕੜਾਕੇ ਦੀ ਸਰਦੀ 'ਚ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ | ਦੁਖਾਂਤ ਹੈ ਕਿ ਇਸ ਸਮੁੱਚੇ ਵਰਗ ਦਾ ਸਾਲ 2025 ਦਾ ਅਖੀਰਲਾ ਦਿਨ ਵੀ ਨਿੱਜੀਕਰਨ ਖਿਲਾਫ਼ ਸੰਘਰਸ਼ ਦੇ ਲੇਖੇ ਲੱਗਿਆ, ਕੱਲ੍ਹ 2026 ਦਾ ਪਹਿਲਾ ਦਿਨ ਵੀ ਸਿਆਸੀ ਕੰਨਾਂ ਤੱਕ ਹੱਕੀ ਆਵਾਜ਼ ਪਹੁੰਚਾਉਣ ਦੀ ਜੱਦੋ-ਜਹਿਦ ਵਿਚ ਲੰਘੇਗਾ | 2025 ਦੇ ਅਖੀਰਲੇ ਦਿਨ ਅੱਜ ਜਨਤਕ ਜਥੇਬੰਦਿਆਂ ਵਲੋਂ ਖੇਤਰ 'ਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਮਜ਼ਦੂਰ, ਕਿਸਾਨ, ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਲਗਾਤਾਰ ਦੂਜੇ ਦਿਨ ਝੰਡਾ ਮਾਰਚ ਕੀਤਾ ਗਿਆ | ਝੰਡਾ ਮਾਰਚ ਮੌਕੇ ਪਿੰਡ ਮਹਿਣਾ, ਵਣਵਾਲਾ ਅਨੂੰਕਾ, ਕੱਖਾਂਵਾਲੀ, ਰੋੜਾਂਵਾਲੀ, ਪੰਜਾਵਾ ਸਿੱਖਵਾਲਾ, ਸਹਿਣਾਖੇੜਾ, ਆਧਨੀਆਂ ਤੇ ਖੁੱਡੀਆਂ ਵਿਖੇ 6 ਤੇ 16 ਜਨਵਰੀ ਦੇ ਧਰਨਿਆਂ ਲਈ ਸੱਦਾ ਦਿੱਤਾ ਗਿਆ | ਇਕੱਠਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲਾ ਨੇ ਕਿਹਾ ਕਿ ਨਵਾਂ ਸਾਲ 2026 ਵੀ ਮਜ਼ਦੂਰਾਂ ਤੇ ਕਿਸਾਨਾਂ ਲਈ ਜਸ਼ਨਾਂ ਦੀ ਜਗ੍ਹਾ ਸੰਘਰਸ਼ ਦੀ ਨਵੀਂ ਇਬਾਰਤ ਲੈ ਕੇ ਆ ਰਿਹਾ ਹੈ | ਉਨ੍ਹਾਂ ਆਖਿਆ ਕਿ ਝੰਡਾ ਮਾਰਚ ਇਸ ਗੱਲ ਦਾ ਸੰਕੇਤ ਹੈ ਕਿ ਜਦ ਤੱਕ ਲੋਕ ਵਿਰੋਧੀ ਨੀਤੀਆਂ ਵਾਪਸ ਨਹੀਂ ਲੈਂਦੀਆਂ ਜਾਂਦੀਆਂ, ਤਦ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਨਵਾਂ ਸਾਲ ਵੀ ਇਨਸਾਫ਼ ਅਤੇ ਹੱਕਾਂ ਦੀ ਲੜਾਈ ਨੂੰ ਸਮਰਪਿਤ ਰਹੇਗਾ | ਇਕੱਠਾਂ ਨੂੰ ਸੰਬੋਧਨ ਕਰਦਿਆਂ ਕਾਲਾ ਸਿੰਘ ਖੂਨਣ ਖੁਰਦ, ਗੁਰਪਾਸ ਸਿੰਘੇਵਾਲਾ, ਸਤਪਾਲ ਬਾਦਲ, ਚਰਨਜੀਤ ਵਣਵਾਲਾ, ਭੁਪਿੰਦਰ ਚੰਨੂ, ਸੁੰਦਰ ਪਾਲ, ਡਾ. ਮਹਿੰਦਰ ਖੁੱਡੀਆਂ, ਗੁਰਪ੍ਰੀਤ ਸਿੰਘ, ਨਾਨਕ ਚੰਦ ਬਜਾਜ, ਜਰਨੈਲ ਪੰਜਾਵਾ, ਬੋਘ ਸਿੰਘ ਮਾਨਸਾ, ਬਲਵਿੰਦਰ ਸਿੰਘ ਕੱਖਾਂਵਾਲੀ ਤੇ ਕਿਸਾਨ ਆਗੂ ਮਨੋਹਰ ਸਿੰਘ ਸਿੱਖਵਾਲਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਕੇ ਮਜ਼ਦੂਰਾਂ, ਕਿਸਾਨਾਂ ਤੇ ਗਰੀਬ ਲੋਕਾਂ ਦੇ ਘਰਾਂ ਵਿਚ ਹਨ੍ਹੇਰਾ ਕਰਨ ਜਾ ਰਹੀ ਹੈ | ਜਦਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਚੋਣ ਗਰੰਟੀਆਂ ਲਾਗੂ ਕਰਨ ਦੀ ਥਾਂ ਜਨਤਕ ਜਾਇਦਾਦਾਂ ਵੇਚ ਕੇ ਲੋਕਾਂ ਦੇ ਆਰਥਿਕ ਤੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਘੀ ਜੋੜ ਮੇਲੇ 'ਤੇ ਪਹਿਲੀ ਵਾਰ ਭਾਜਪਾ ਵੀ ਕਰੇਗੀ ਸਿਆਸੀ ਕਾਨਫ਼ਰੰਸ-ਬਿਕਰਮਜੀਤ ਸਿੰਘ ਚੀਮਾ <br/> ਅਗਲੀ ਖ਼ਬਰ ਧੂਰੀ 'ਚ 5 ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫ਼ੈਸਲਾ
Ad Position 24