ਕੋਟਕਪੂਰਾ, 31 ਦਸੰਬਰ (ਮੋਹਰ ਸਿੰਘ ਗਿੱਲ)-ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਜ਼. 'ਚ ਕੰਮ ਕਰਦੇ 700 ਕੱਚੇ ਇੰਸਟਰਕਟਰਾਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ 'ਚ 5 ਜਨਵਰੀ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ | ਜਥੇਬੰਦੀ ਦੇ ਆਗੂਆਂ ਜਸਵਿੰਦਰ ਸਿੰਘ, ਸੁਖਚੈਨ ਕੌਰ ਤੇ ਆਰਤੀ ਰਾਣੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕੇ ਮੋਰਚੇ 'ਚ ਫ਼ੈਸਲਾ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਾਅਦੇ ਅਨੁਸਾਰ ਪੂਰਾ ਨਹੀਂ ਕੀਤਾ ਤਾਂ ਉਹ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਗਾਉਣਗੇ | ਇਸੇ ਦੇ ਰੋਸ ਵਜੋਂ ਜਥੇਬੰਦੀ ਨੇ ਮਿਤੀ 22-12-2025 ਤੋਂ ਸੰਸਥਾਵਾਂ ਦਾ ਕੰਮ ਬਿਲਕੁੱਲ ਬੰਦ ਕਰਕੇ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਹੋਇਆ ਹੈ, ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ, ਜੋ ਕਿ ਬਹੁਤ ਹੀ ਸ਼ਰਮਨਾਕ ਹੈ | ਹੁਣ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਉਹ 5 ਜਨਵਰੀ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਧੂਰੀ ਵਿਚ ਰੋਸ ਰੈਲੀ ਕਰਨਗੇ |