ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਨਵੇਂ ਸਾਲ ਦੇ ਸ਼ੁੱਭ ਮਹੂਰਤ ਮੌਕੇ ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸ਼ਰਧਾ ਤੇ ਸੇਵਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਗ੍ਰੰਥੀ ਸਿੰਘ ਵਲੋਂ ਅਮਨ ਸ਼ਾਂਤੀ, ਭਾਈਚਾਰਕ ਸਾਂਝ ਦੀ ਮਜ਼ਬੂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਅਭਿਮੰਨਿਊ ਰਾਣਾ (ਆਈ.ਪੀ.ਐੱਸ.) ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ, ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਦਫ਼ਤਰੀ ਸਟਾਫ਼ ਨੇ ਸ਼ਾਮਿਲ ਹੋ ਕੇ ਗੁਰਬਾਣੀ ਸਰਵਣ ਕੀਤੀ | ਇਸ ਮੌਕੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸੇਵਾ ਭਾਵਨਾ ਤੇ ਸ਼ਰਧਾ ਸਾਹਿਤ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਕੀਰਤਨ ਸਮਾਪਤੀ ਉਪਰੰਤ ਪਾਠੀ ਸਿੰਘਾਂ ਤੇ ਕੀਰਤਨ ਕਰਨ ਆਏ ਸਿੰਘਾਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਸਾਰਿਆਂ ਨੇ ਗੁਰਮਤਿ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਨਵੇਂ ਸਾਲ ਵਿਚ ਪਿਛਲੇ ਸਾਲ ਨਾਲੋਂ ਹੋਰ ਵੀ ਜ਼ਿਆਦਾ ਵਧੀਆ ਡਿਊਟੀ ਤੇ ਲੋਕ ਸੇਵਾ ਕਰਨ ਦਾ ਕਿਹਾ | ਇਸ ਤੋਂ ਇਲਾਵਾ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਨਵਾਂ ਸਾਲ ਪੁਲਿਸ ਵਿਭਾਗ ਲਈ ਜਨਤਾ ਮਿੱਤਰ ਪੁਲਿਸਿੰਗ, ਕਾਨੂੰਨ ਵਿਵਸਥਾ ਦੀ ਮਜ਼ਬੂਤੀ, ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤ ਤੇ ਨਿਆਂਪੂਰਕ ਕਾਰਵਾਈ ਅਤੇ ਲੋਕਾਂ ਨਾਲ ਭਰੋਸੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸਾਲ ਬਣਾਉਣ ਦੀ ਕਾਮਨਾ ਕੀਤੀ ਗਈ | ਇਸ ਮੌਕੇ ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਹਰਜੀਤ ਸਿੰਘ ਡੀ.ਐੱਸ.ਪੀ. (ਸੀ.ਏ.ਡਬਲਯੂ. ਐਂਡ ਸੀ), ਅੰਗਰੇਜ਼ ਸਿੰਘ ਡੀ.ਐੱਸ.ਪੀ. (ਮਲੋਟ), ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ), ਹਰਬੰਸ ਸਿੰਘ ਡੀ.ਐੱਸ.ਪੀ. (ਲੰਬੀ) ਤੋਂ ਇਲਾਵਾ ਸਮੂਹ ਐੱਸ.ਐੱਚ.ਓਜ਼, ਰੀਡਰ ਐੱਸ.ਐੱਸ.ਪੀ. ਇੰਸਪੈਕਟਰ ਰਮਨਦੀਪ ਕੌਰ, ਹੈੱਡ ਕਲਰਕ ਏ.ਐੱਸ.ਆਈ. ਸੰਜੀਵ ਕੁਮਾਰ, ਓ.ਐੱਸ.ਆਈ. ਲਵਪ੍ਰੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੋਰ ਦਫ਼ਤਰੀ ਸਟਾਫ਼ ਹਾਜ਼ਰ ਸੀ |