ਡੱਬਵਾਲੀ, 3 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸ਼ਹਿਰ ਵਿਖੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਅਸਥਾਨ (ਸ੍ਰੀ ਕਲਗ਼ੀਧਰ ਸਿੰਘ ਸਭਾ) ਤੋਂ ਆਰੰਭ ਹੋਇਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਸ ਮੌਕੇ ਸੰਗਤਾਂ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਡਾ. ਕੇ.ਵੀ. ਸਿੰਘ (ਸਾਬਕਾ ਓ.ਐੱਸ.ਡੀ.) ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ | ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ | ਕਾਫ਼ੀ ਥਾਵਾਂ 'ਤੇ ਲੋਕਾਂ ਨੇ ਵੱਖ-ਵੱਖ ਲੰਗਰ ਲਗਾ ਕੇ ਭਾਵਨਾਵਾਂ ਪ੍ਰਗਟਾਈਆਂ ਗਈਆਂ | ਜੀ.ਟੀ. ਰੋਡ 'ਤੇ ਬਾਬਾ ਵਿਸ਼ਵਕਰਮਾ ਜੀ ਗੁਰਦੁਆਰਾ ਕਮੇਟੀ ਵਲੋਂ ਚਾਹ-ਦੁੱਧ ਦੇ ਲੰਗਰ ਲਗਾਇਆ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਅਖਾੜਾ ਬਾਬਾ ਦੀਪ ਸਿੰਘ ਦੇ ਨੌਜਵਾਨਾਂ ਨੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਖ਼ਾਲਸਾਈ ਜਾਹੋ-ਜਲਾਲ ਦੇ ਜੌਹਰ ਵਿਖਾਏ | ਭਾਈ ਬੇਅੰਤ ਸਿੰਘ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਰੂਹਾਨੀ ਕੀਰਤਨ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ (ਵਾਰਡ ਪਿਪਲੀ) ਤੋਂ ਅਗਜੈਗਟਿਵ ਕਮੇਟੀ ਮੈਂਬਰ ਜਗਤਾਰ ਸਿੰਘ ਮਾਨ, ਸੀਨੀਅਰ ਵਕੀਲ ਸੁਖਬੀਰ ਸਿੰਘ ਬਰਾੜ, ਮੁੱਖ ਗ੍ਰੰਥੀ ਸੁਖਬੀਰ ਸਿੰਘ ਜੋਗੇਵਾਲਾ, ਕਸ਼ਮੀਰ ਗੈਸ ਸਰਵਿਸ ਕਿੱਲਿਆਂਵਾਲੀ ਦੇ ਸੰਚਾਲਕ ਗੁਰਤੇਜ ਸਿੰਘ, ਵਾਰਡ 15 ਦੇ ਕੌਂਸਲਰ ਪ੍ਰੇਮ ਬਹਿਲ, ਬਾਬਾ ਨਾਨਕ ਦੀ ਹੱਟੀ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਕਲਸੀ, ਮਨਵੀਰ ਮਾਨ, ਰਾਜਕਰਨ ਸਿੰਘ ਮਠਾੜੂ, ਦਵਿੰਦਰ ਸਿੰਘ ਆਹਲੂਵਾਲੀਆ, ਮਿਸਤਰੀ ਪ੍ਰੀਤਮ ਸਿੰਘ, ਡਾ. ਤਰਮੇਸ ਸਿੰਘ, ਸੁਖਵਿੰਦਰ ਸਿੰਘ ਚੰਦੀ ਅਤੇ ਪਿੰੰ੍ਰਸ ਸੇਠੀ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ |