ਮਲੋਟ, 3 ਜਨਵਰੀ (ਪਾਟਿਲ)-ਮਲੋਟ ਇਲਾਕੇ ਦੇ ਦਿੱਗਜ ਕਾਂਗਰਸੀ ਆਗੂ ਵੇਦ ਪ੍ਰਕਾਸ਼ ਖੇੜਾ ਦੇ ਦਿਹਾਂਤ 'ਤੇ ਅੱਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਵਲੋਂ ਖੇੜਾ ਪਰਿਵਾਰ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਬੱਲੂਆਣਾ ਤੋਂ ਕਾਂਗਰਸ ਦੇ ਇੰਚਾਰਜ ਰਾਜਿੰਦਰ ਕੌਰ ਅਤੇ ਸਮਰਬੀਰ ਸਿੰਘ (ਫ਼ਾਜ਼ਿਲਕਾ) ਵੀ ਮੌਜੂਦ ਸਨ | ਸ਼ੇਰ ਸਿੰਘ ਘੁਬਾਇਆ ਤੇ ਉਨ੍ਹਾਂ ਨਾਲ ਆਏ ਕਾਂਗਰਸੀ ਆਗੂਆਂ ਵਲੋਂ ਉਨ੍ਹਾਂ ਦੇ ਬੇਟੇ ਹੈਪੀ ਖੇੜਾ ਪੰਜਾਬ ਕਾਂਗਰਸ ਭਵਨ, ਰਵੀ ਖੇੜਾ ਐੱਸ.ਪੀ., ਰਾਜੇਸ਼ ਖੇੜਾ, ਪੱਪੀ ਖੇੜਾ, ਜਗਦੀਸ਼ ਖੇੜਾ, ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਅਪੂਰਨ ਘਾਟੇ ਨੂੰ ਸਹਿਣ ਦੀ ਸ਼ਕਤੀ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਇਸ ਮੌਕੇ ਸ. ਘੁਬਾਇਆ ਨੇ ਕਿਹਾ ਕਿ ਵੇਦ ਪ੍ਰਕਾਸ਼ ਖੇੜਾ ਕਾਂਗਰਸ ਪਾਰਟੀ ਦੇ ਬਹੁਤ ਹੀ ਬਜ਼ੁਰਗ, ਤਜ਼ਰਬੇਕਾਰ ਤੇ ਦਿੱਗਜ ਆਗੂ ਸਨ, ਜਿਨ੍ਹਾਂ ਦਾ ਮਲੋਟ ਅਤੇ ਆਸਪਾਸ ਦੇ ਇਲਾਕਿਆਂ ਵਿਚ ਵਿਸ਼ੇਸ਼ ਮਾਣ-ਸਨਮਾਨ ਸੀ | ਉਨ੍ਹਾਂ ਕਿਹਾ ਕਿ ਸ੍ਰੀ ਖੇੜਾ ਦਾ ਦਿਹਾਂਤ ਨਾ ਸਿਰਫ਼ ਪਰਿਵਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਸਗੋਂ ਕਾਂਗਰਸ ਪਾਰਟੀ ਨੇ ਵੀ ਇਕ ਸੂਝਵਾਨ ਤੇ ਲੋਕਪਿ੍ਯ ਆਗੂ ਨੂੰ ਗੁਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵੇਦ ਪ੍ਰਕਾਸ਼ ਖੇੜਾ ਵਲੋਂ ਪਾਰਟੀ ਤੇ ਸਮਾਜ ਲਈ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ |