ਮਲੋਟ, 5 ਜਨਵਰੀ (ਪਾਟਿਲ)-ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਮੰਗਾ ਸਿੰਘ ਕਲਿਆਣਾ ਆਪਣੀ 34 ਸਾਲ ਦੀ ਬੇਦਾਗ਼ ਸੇਵਾ ਪੂਰੀ ਕਰਨ ਉਪਰੰਤ ਸਰਕਾਰੀ ਬਹੁਤਕਨੀਕੀ ਕਾਲਜ ਫ਼ਤੂਹੀ ਖੇੜਾ ਤੋਂ ਸੇਵਾ ਮੁਕਤ ਹੋ ਗਏ ਹਨ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਸੁਮਿਤ ਜੈਨ ਲੈਕਚਰਾਰ, ਅਮਨਦੀਪ ਸਿੰਘ ਲੈਕਚਰਾਰ, ਅਨਮੋਲਪ੍ਰੀਤ ਸਿੰਘ ਲੈਕਚਰਾਰ, ਗੁਰਜੋਤ ਸਿੰਘ ਸਿੱਧੂ ਲੈਕਚਰਾਰ, ਸੋਨਮ ਗਰੋਵਰ, ਕਲਰਕ ਅਤੇ ਸਾਬਕਾ ਵਿਭਾਗੀ ਮੁਖੀ ਡਿੰਪਲ ਬੱਧਵਾਰ ਨੇ ਸ੍ਰੀ ਮੰਗਾ ਸਿੰਘ ਕਲਿਆਣਾ ਵਲੋਂ ਤਕਨੀਕੀ ਸਿੱਖਿਆ ਵਿਭਾਗ ਵਿਚ ਕੀਤੀਆਂ ਗਈਆਂ ਅਣਥੱਕ ਸੇਵਾਵਾਂ ਪ੍ਰਤੀ ਚਾਨਣਾ ਪਾਇਆ | ਅੰਮਿ੍ਤਪਾਲ ਸਿੰਘ ਲੈਕਚਰਾਰ ਵਲੋਂ ਵੀ ਮੰਗਾ ਸਿੰਘ ਕਲਿਆਣਾ ਨੂੰ ਸੇਵਾ ਮੁਕਤੀ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਕਾਲਜ ਦੇ ਸਟਾਫ਼ ਵਲੋਂ ਮੰਗਾ ਸਿੰਘ ਕਲਿਆਣਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਖਾਣ-ਪੀਣ ਦਾ ਬਹੁਤ ਸੁਚੱਜਾ ਪ੍ਰਬੰਧ ਕੀਤਾ ਗਿਆ | ਸ੍ਰੀ ਮੰਗਾ ਸਿੰਘ ਕਲਿਆਣਾ ਨੇ ਭਾਵੁਕ ਹੁੰਦੇ ਹੋਏ ਕਾਲਜ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਕਾਲਜ ਦੇ ਸਟਾਫ਼ ਵਲੋਂ ਮੰਗਾ ਸਿੰਘ ਕਲਿਆਣਾ ਅਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਭਵਿੱਖ ਲਈ ਹਮੇਸ਼ਾ ਤੰਦਰੁਸਤ ਰਹਿਣ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ | ਮੰਗਾ ਸਿੰਘ ਕਲਿਆਣਾ ਵਲੋਂ ਸਮੂਹ ਸਟਾਫ਼ ਨੂੰ ਆਪਣੇ ਘਰ ਵਿਖੇ ਚਾਹ ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਹਾਰਦਿੱਕ ਸੱਦਾ ਦਿੱਤਾ ਗਿਆ, ਜਿਸ ਵਿਚੋਂ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ, ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸ੍ਰੀ ਮੰਗਾ ਸਿੰਘ ਕਲਿਆਣਾ ਵਲੋਂ ਆਏ ਹੋਏ ਸਮੂਹ ਸਟਾਫ਼ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ |