ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਭਾਰਤੀਯ ਗ੍ਰਾਮੀਣ ਡਾਕ ਕਰਮਚਾਰੀ ਸੰਘ ਦੇ ਸੱਦੇ 'ਤੇ ਫ਼ਰੀਦਕੋਟ ਡਵੀਜ਼ਨ ਆਫ਼ਿਸ ਵਿਖੇ ਮੈਂਬਰਾਂ ਵਲੋਂ ਧਰਨਾ ਦਿੱਤਾ ਗਿਆ | ਇਸ ਮੌਕੇ ਭਾਰਤੀਯ ਗ੍ਰਾਮੀਣ ਡਾਕ ਕਰਮਚਾਰੀ ਸੰਘ ਫ਼ਰੀਦਕੋਟ ਦੇ ਡਿਵੀਜ਼ਨ ਸਕੱਟਰ ਸੰਤੋਖ ਸਿੰਘ ਨੇ ਕਿਹਾ ਕਿ ਹਮੇਸ਼ਾ ਹੀ ਸਾਡੇ ਪੇਂਡੂ ਡਾਕ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਂਗ ਸਲੂਕ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਜਿੱਥੇ ਸਾਰੇ ਸੈਂਟਰਲ ਮੁਲਾਜ਼ਮਾਂ ਨੂੰ 8ਵੇਂ ਪੇ ਕਮਿਸ਼ਨ ਦਾ ਫ਼ਾਇਦਾ ਦਿੱਤਾ ਜਾ ਰਿਹਾ ਹੈ, ਉੱਥੇ ਸਾਡੇ ਪੇਂਡੂ ਡਾਕ ਮੁਲਾਜ਼ਮਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ | ਜਿਸ ਦੇ ਰੋਸ ਵਜੋਂ ਅੱਜ ਯੂਨੀਅਨ ਦੇ ਸੱਦੇ 'ਤੇ ਇਹ ਧਰਨਾ ਦਿੱਤਾ ਗਿਆ ਹੈ ਤਾਂ ਕਿ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ | ਸਰਕਲ ਆਫ਼ਿਸ ਵਿਚ ਮਿਤੀ 28.02.2026 ਨੂੰ ਚੰਡੀਗੜ੍ਹ ਵਿਖੇ ਵੀ ਸਾਰੇ ਪੰਜਾਬ ਦੇ ਮੈਂਬਰਾਂ ਵਲੋਂ ਧਰਨਾ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਨਵੀਂ ਦਿੱਲੀ ਵਿਖੇ ਭੁੱਖ ਹੜਤਾਲ ਵੀ ਕੀਤੀ ਜਾਵੇਗੀ | ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ, ਕਮਲ ਕੁਮਾਰ, ਸੁਖਪ੍ਰੀਤ ਸਿੰਘ, ਅਜੇ ਕੁਮਾਰ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਕਿਸੇ ਵੀ ਯੂਨੀਅਨ ਦੇ ਮੈਂਬਰ ਹੋਣ ਵੱਧ ਚੜ੍ਹ ਕੇ ਸਾਡਾ ਸਾਥ ਦੇਣ ਤਾਂ ਕਿ ਸਭ ਨੂੰ 8ਵੇਂ ਪੇ ਕਮਿਸ਼ਨ ਦਾ ਫ਼ਾਇਦਾ ਮਿਲ ਸਕੇ |