ਕੋਟਕਪੂਰਾ, 2 ਫ਼ਰਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕੇ ਦੇ ਪਿੰਡ ਵਾੜਾਦਰਾਕਾ ਵਿਖੇ ਖੇਤੀਬਾੜੀ ਲਈ ਸਿੰਚਾਈ ਦੀ ਸਹੂਲਤ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਪਾਈਪ ਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ | ਇਸ ਪ੍ਰੋਜੈਕਟ 'ਤੇ ਕਰੀਬ 96 ਲੱਖ ਰੁਪਏ ਦੀ ਲਾਗਤ ਆਵੇਗੀ | ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਪਾਈਪ ਲਾਈਨ ਦੇ ਮੁਕੰਮਲ ਹੋਣ ਨਾਲ ਪਿੰਡ ਵਾੜਾਦਰਾਕਾ ਅਤੇ ਨੇੜਲੇ ਖੇਤਰਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਨਿਰੰਤਰ ਸਹੂਲਤ ਮਿਲੇਗੀ, ਜਿਸ ਨਾਲ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਘਟਣਗੀਆਂ | ਉਨ੍ਹਾਂ ਦੱਸਿਆ ਕਿ ਕੋਟਕਪੂਰਾ ਹਲਕੇ ਵਿਚ ਹੁਣ ਤੱਕ 9 ਕਰੋੜ ਰੁਪਏ ਦੀ ਲਾਗਤ ਨਾਲ ਸਿੰਚਾਈ ਸਬੰਧੀ ਪਾਈਪ ਲਾਈਨਾਂ ਪਾਈਆਂ ਜਾ ਚੁੱਕੀਆਂ ਹਨ, ਜੋ ਕਿ ਪੰਜਾਬ ਸਰਕਾਰ ਦੀ ਕਿਸਾਨ-ਪੱਖੀ ਨੀਤੀਆਂ ਦਾ ਸਪੱਸ਼ਟ ਸਬੂਤ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਤੀਬਾੜੀ ਖੇਤਰ ਨੂੰ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ | ਸੰਧਵਾਂ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ 'ਚ ਸੜਕਾਂ, ਸਿਹਤ, ਸਿੱਖਿਆ ਅਤੇ ਸਿੰਚਾਈ ਵਰਗੇ ਮਹੱਤਵਪੂਰਨ ਖੇਤਰ ਸ਼ਾਮਿਲ ਹਨ | ਇਸ ਮੌਕੇ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਖੇਤੀਬਾੜੀ ਲਈ ਇਕ ਵੱਡੀ ਰਾਹਤ ਸਾਬਿਤ ਹੋਵੇਗਾ | ਇਸ ਮੌਕੇ ਅਨਮੋਲ ਸਿੰਘ ਭੂਮੀ ਰੱਖਿਆ ਅਫ਼ਸਰ, ਭੁਪਿੰਦਰ ਸਿੰਘ, ਜਗਜੀਵਨ ਸਿੰਘ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ, ਗੈਰੀ ਵੜਿੰਗ, ਅਮਨਦੀਪ ਸਿੰਘ ਪੀ.ਏ, ਸਿਮਰਨਜੀਤ ਸਿੰਘ ਐਮ.ਸੀ, ਅੰਗਰੇਜ਼ ਸਿੰਘ ਬਰਾੜ ਸਰਪੰਚ, ਗੁਰਤੇਜ ਸਿੰਘ ਸਿੱਧੂ, ਵਿੱਕੀ ਬਰਾੜ, ਵਿੱਕੀ ਸਹੋਤਾ, ਗੁਰਤੇਜ ਸਿੰਘ ਬਰਾੜ, ਗੁਰਦਿਆਲ ਸਿੰਘ, ਗੁਰਸੇਵਕ ਸਿੰਘ, ਵਕੀਲ ਸਿੰਘ, ਬਲਤੇਜ ਸਿੰਘ, ਰਾਮ ਸਿੰਘ, ਹਰਮਨ ਸਿੰਘ, ਬਲਜੀਤ ਸਿੰਘ ਮੈਂਬਰ, ਸੁਖਪ੍ਰੀਤ ਸਿੰਘ ਮੈਂਬਰ, ਜਗਸੀਰ ਸਿੰਘ ਮਾਸਟਰ ਹਾਜ਼ਰ ਸਨ |