ਫ਼ਰੀਦਕੋਟ, 2 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣ ਰਹੇ ਸਿਹਤ ਕਾਰਡਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੁਰਤੇਜ ਸਿੰਘ ਖੋਸਾ, ਵਧੀਕ ਡਿਪਟੀ ਕਮਿਸ਼ਨਰ (ਜ) ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਮਲਹੋਤਰਾ, ਐਸ.ਡੀ.ਐਮ. ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਜੀ.ਏ ਗੁਰਕਿਰਨਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਪਹਿਲਾਂ ਜ਼ਿਲ੍ਹੇ ਵਿਚ 156 ਕਾਮਨ ਸੇਵਾ ਕੇਂਦਰਾਂ ਵਿਚ ਕਾਰਡ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਹੁਣ ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਹਰੇਕ ਪਿੰਡ ਵਿਚ ਕਿਸੇ ਸਾਂਝੀ ਥਾਂ 'ਤੇ ਇਹ ਵਿਸ਼ੇਸ਼ ਕੈਂਪ ਲੱਗਣਗੇ, ਜਿਸ ਵਿਚ ਵਲੰਟੀਅਰ ਮੌਕੇ 'ਤੇ ਪਰਚੀ ਕੱਟਣਗੇ ਅਤੇ ਕੰਪਿਊਟਰ ਓਪਰੇਟਰ ਤੇ ਹੋਰ ਹਾਜ਼ਰ ਅਮਲਾ ਮੌਕੇ 'ਤੇ ਹੀ ਸਿਹਤ ਕਾਰਡ ਬਣਾਉਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਹਰੇਕ ਸਾਈਟ 'ਤੇ 1 ਦਿਨ ਵਿਚ ਘੱਟੋਂ ਘੱਟ 50 ਕਾਰਡ ਬਣਨੇ ਜ਼ਰੂਰੀ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਫੇਜ 1 ਅਤੇ ਫੇਜ 2 ਚੱਲਣਗੇ | ਫ਼ੇਜ-1 ਵਿਚ ਮਿਤੀ 3 ਫ਼ਰਵਰੀ ਤੋਂ 5 ਫ਼ਰਵਰੀ ਤੱਕ ਫ਼ਰੀਦਕੋਟ ਹਲਕੇ ਦੇ ਪਿੰਡ ਮਚਾਕੀ ਕਲਾਂ, ਸਾਦਿਕ, ਸੁੱਖਣਵਾਲਾ, ਕਿੰਗਰਾ, ਹਲਕਾ ਜੈਤੋ ਦੇ ਪਿੰਡ ਸਰਾਵਾਂ, ਬਿਸ਼ਨੰਦੀ, ਚੈਨਾ, ਬਰਗਾੜੀ, ਪੰਜਗਰਾਈਾ ਕਲਾਂ, ਕਰੀਰਵਾਲੀ, ਢੈਪਈ ਅਤੇ ਹਲਕਾ ਕੋਟਕਪੂਰਾ ਦੇ ਵਾਂਦਰ ਜਟਾਣਾ, ਧੂੜਕੋਟ, ਮੌੜ ਪਿੰਡਾਂ ਵਿਚ ਮੁੱਖ ਮੰਤਰੀ ਸਿਹਤ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਫੇਜ-2 ਦਾ ਸਡਿਊਲ ਬਾਅਦ ਵਿਚ ਜਾਰੀ ਕਰ ਦਿੱਤਾ ਜਾਵੇਗਾ | ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਲੋਕ ਹਿਤੈਸ਼ੀ ਯੋਜਨਾ ਹੈ, ਜਿਸ ਵਿਚ ਪੰਜਾਬ ਦੇ ਵਸਨੀਕ ਹਰੇਕ ਪਰਿਵਾਰ ਦੇ ਹਰੇਕ ਜੀਅ ਦਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਸਰਕਾਰੀ ਅਤੇ ਇਨਪੈਂਨਲਡ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਵੇਗਾ | ਉਨ੍ਹਾਂ ਹਾਜ਼ਰ ਵਲੰਟੀਅਰਾਂ/ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ | ਇਸ ਮੌਕੇ ਡਾ. ਵਿਸ਼ਵਦੀਪ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ, ਐਸ.ਐਮ.ਓ ਕੋਟਕਪੂਰਾ ਹਰਿੰਦਰ ਗਾਂਧੀ, ਐਸ.ਐਮ.ਓ ਸਾਦਿਕ ਡਾ. ਅਰਸ਼ਦੀਪ ਸਿੰਘ ਬਰਾੜ, ਸਮੇਤ ਇਸ ਕੰਮ ਵਿਚ ਲੱਗੇ ਵਲੰਟੀਅਰਾਂ ਹਾਜ਼ਰ ਸਨ |