ਮਲੋਟ, 2 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਸੇਵਾ, ਸਤਿਕਾਰ ਤੇ ਸਮਾਜਿਕ ਸੁਰੱਖਿਆ ਨੂੰ ਸਮਰਪਿਤ 'ਸਾਡੇ ਬਜ਼ੁਰਗ, ਸਾਡਾ ਮਾਣ' ਸਮਾਗਮ ਅੱਜ ਮਲੋਟ ਵਿਖੇ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਕੈਬਨਿਟ ਮੰਤਰੀ ਵਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਜੀਵਨ ਭਰ ਦੀ ਸੇਵਾ ਤੇ ਤਜ਼ਰਬੇ ਨੂੰ ਨਮਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਨਮਾਨਯੋਗ, ਸੁਰੱਖਿਅਤ ਤੇ ਸੁਖਦਾਈ ਜੀਵਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਬਜ਼ੁਰਗ ਸਾਡੇ ਸਮਾਜ ਦੀ ਧਰੋਹਰ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਤੇ ਮਾਰਗ ਦਰਸ਼ਨ ਨਾਲ ਹੀ ਸਮਾਜ ਮਜ਼ਬੂਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ, ਸਿਹਤ ਸਹੂਲਤਾਂ ਅਤੇ ਆਰਥਿਕ ਸੁਰੱਖਿਆ ਲਈ ਕਈ ਲੋਕ ਹਿਤੈਸ਼ੀ ਯੋਜਨਾਵਾਂ ਲਾਗੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਤੇ ਸਿੱਖਿਆ ਦੋ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਪੰਜਾਬ ਵਿਚ ਵੱਡੇ ਪੱਧਰ 'ਤੇ ਕੰਮ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਜ਼ੁਰਗ ਵਰਗ ਦੀ ਸਿਹਤ ਤੇ ਹੋਰ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਕੈਂਪ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਮਲੋਟ ਵਿਚ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ, ਜਿਸ ਵਿਚ ਇਕ ਹਜ਼ਾਰ ਤੋਂ ਵੱਧ ਰਜ਼ਿਸਟ੍ਰੇਸ਼ਨ ਹੋ ਚੁੱਕੀ ਹੈ | ਇਸ ਕੈਂਪ ਵਿਚ ਵੱਖ-ਵੱਖ ਸਹੂਲਤਾਂ ਜਿਵੇਂ ਹੈਲਥ ਚੈੱਕਅਪ ਦੇ ਨਾਲ ਜੇ ਕਿਸੇ ਨੂੰ ਸਰਜਰੀ ਦੀ ਲੋੜ ਹੈ, ਉਹ ਵੀ ਰਜਿਸਟਰ ਕੀਤੇ ਗਏ | ਇਸ ਤੋਂ ਇਲਾਵਾ ਵੀਲ੍ਹ ਚੇਅਰ, ਐਨਕਾਂ ਅਤੇ ਹੋਰ ਵੀ ਕੋਈ ਮੈਡੀਕਲ ਸਹਾਇਤਾ ਦੀ ਲੋੜ ਅਨੁਸਾਰ ਪ੍ਰਦਾਨ ਕੀਤੀ ਗਈ | ਇਸ ਮੌਕੇ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਜਸ਼ਨ ਬਰਾੜ ਚੇਅਰਮੈਨ ਮਾਰਕਿਟ ਕਮੇਟੀ ਮਲੋਟ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਰਤਨਦੀਪ ਕੌਰ ਸੰਧੂ, ਰਾਜਵੰਤ ਕੌਰ ਸੀ.ਡੀ.ਪੀ.ਓ., ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਐਡਵੋਕੇਟ ਰਾਜਪਾਲ ਸਿੰਘ, ਸਿਮਰਨਜੀਤ ਸਿੰਘ ਬਰਾੜ, ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ ਗਿੱਲ, ਸੁਖਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ, ਜਸਮੀਤ ਸਿੰਘ ਬਰਾੜ ਸ਼ਹਿਰੀ ਪ੍ਰਧਾਨ, ਲਵ ਬੱਤਰਾ, ਵਿਕਰਮ ਖੁਰਾਣਾ ਦਫ਼ਤਰ ਇੰਚਾਰਜ, ਗਗਨਦੀਪ ਸਿੰਘ ਔਲਖ, ਸੰਦੀਪ ਕੁਮਾਰ ਜਿਓਰੀ, ਮਨਜਿੰਦਰ ਸਿੰਘ ਕਾਕਾ ਉੜਾਂਗ, ਅਰਸ਼ ਸਿੱਧੂ ਨਿੱਜੀ ਸਹਾਇਕ, ਸ਼ਿੰਦਰਪਾਲ ਸਿੰਘ ਨਿੱਜੀ ਸਹਾਇਕ, ਅਮਨਦੀਪ ਸ਼ਰਮਾ, ਜੋਨੀ ਗਰਗ ਅਤੇ ਪਤਵੰਤੇ ਹਾਜ਼ਰ ਸਨ |