ਮਲੋਟ, 2 ਫ਼ਰਵਰੀ (ਪਾਟਿਲ)-ਪੰਜਾਬ ਸਟੇਟ ਕਾਊਾਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ 2025-26 ਦੌਰਾਨ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਲੋਂ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਭਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਸੰਬੰਧੀ ਵਾਤਾਵਰਨ ਸਿੱਖਿਆ ਕੋਆਰਡੀਨੇਟਰਸ ਵਲੋਂ ਇਸ ਬਾਰੇ ਵਰਕਸ਼ਾਪ ਲਗਾਈ ਗਈ ਸੀ | ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਸਕੂਲ ਦੇ ਗਰੀਨ ਕੰਪੋਨੈਂਟ ਜਿਨ੍ਹਾਂ ਵਿਚ ਪਾਣੀ, ਊਰਜਾ, ਲੈਂਡ, ਵੇਸਟ, ਹਵਾ ਅਤੇ ਫੂਡ ਸ਼ਾਮਿਲ ਹਨ | ਇਸ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਦੇ ਪੋਰਟਲ 'ਤੇ ਇਨ੍ਹਾਂ ਵਿਸ਼ਿਆਂ ਬਾਰੇ ਸਕੂਲ ਦੇ ਵਾਤਾਵਰਨ ਨੂੰ ਦੇਖਦੇ ਹੋਏ ਪ੍ਰਸ਼ਨਾਂ ਦੇ ਉਤਰ ਦਿੱਤੇ ਜਾਂਦੇ ਹਨ | ਇਹ ਆਡਿਟ ਅਕਤੂਬਰ ਮਹੀਨੇ ਵਿਚ ਕੀਤਾ ਗਿਆ ਸੀ | ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਇਸ ਆਡਿਟ ਦਾ ਰਿਜਲਟ ਕੱਢਿਆ ਗਿਆ, ਜਿਸ ਵਿਚ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਨੂੰ ਗਰੀਨ ਸਕੂਲ ਐਲਾਲਿਆ ਕੀਤਾ ਗਿਆ | ਇਸ ਦਾ ਸਾਰਾ ਸਿਹਰਾ ਪਿ੍ੰਸੀਪਲ ਸ੍ਰੀਮਤੀ ਕਮਲਾ ਦੇਵੀ ਅਤੇ ਉਨ੍ਹਾਂ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਜ਼ਿਲ੍ਹੇ ਦੇ ਈਕੋ ਕਲੱਬ ਕੋਆਰਡੀਨੇਟਰ ਅਤੇ ਸਕੂਲ ਦੇ ਸਾਇੰਸ ਮਾਸਟਰ ਰਾਜਨ ਕੁਮਾਰ ਗੋਇਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਫ਼ਲਤਾ ਦੇ ਪਿੱਛੇ ਪੰਜਾਬ ਸਟੇਟ ਕਾਊਾਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਜੁਆਇੰਟ ਡਾਇਰੈਕਟਰ ਡਾ. ਬਾਠ ਅਤੇ ਪ੍ਰਾਜੈਕਟ ਸਾਇੰਟਿਸਟ ਡਾ. ਮੰਦਾਕਨੀ ਠਾਕੁਰ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਹਰ ਸਮੇਂ ਪੰਜਾਬ ਦੇ ਸਾਰੇ ਸਕੂਲਾਂ ਨਾਲ ਜੁੜ ਕੇ ਇਸ ਕੰਮ ਨੂੰ ਨੇਪਰੇ ਚਾੜਿ੍ਹਆ ਹੈ | ਇਸ ਮੌਕੇ ਪਿ੍ੰਸੀਪਲ ਕਮਲਾ ਦੇਵੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੂੰ ਗਰੀਨ ਸਕੂਲ ਬਣਾਉਣ ਵਿਚ ਸਕੂਲ ਦੇ ਸਾਰੇ ਹੀ ਅਧਿਆਪਕਾਂ ਦਾ ਬਹੁਤ ਯੋਗਦਾਨ ਰਿਹਾ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਕੇ ਸਕੂਲ ਨੂੰ ਗਰੀਨ ਸਕੂਲ ਵਿਚ ਤਬਦੀਲ ਕੀਤਾ ਹੈ | ਇਸ ਪ੍ਰੋਗਰਾਮ ਤਹਿਤ ਮਨਿਸਟਰੀ ਆਫ਼ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵਲੋਂ ਪਿਛਲੇ ਦਿਨੀਂ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਸਕੂਲ ਦੇ ਸਾਇੰਸ ਅਧਿਆਪਕ ਰਾਜਨ ਕੁਮਾਰ ਗੋਇਲ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਕੂਲ ਗਰੀਨ ਸਕੂਲ ਘੋਸ਼ਿਤ ਕੀਤੇ ਗਏ ਹਨ |