ਕੋਟਕਪੂਰਾ, 4 ਫ਼ਰਵਰੀ (ਮੋਹਰ ਸਿੰਘ ਗਿੱਲ)-ਦੀਨ ਦਿਆਲ ਉਪਾਧਿਆ ਪੇਂਡੂ ਕੌਸ਼ਲ ਯੋਜਨਾ ਸਰਕਾਰ ਦਾ ਵਧੀਆ ਉਪਰਾਲਾ ਹੈ ਜੋ ਬੱਚਿਆਂ ਨੂੰ ਹੱਥੀਂ ਹੁਨਰਮੰਦ ਕਰਕੇ ਸਵੈ-ਰੁਜ਼ਗਾਰ ਅਤੇ ਨੌਕਰੀ ਲਈ ਯੋਗ ਬਣਾਉਂਦਾ ਹੈ | ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਹੱਥੀਂ ਹੁਨਰਮੰਦ ਹੋ ਕੇ ਆਪਣਾ ਜੀਵਨ ਰੁਸ਼ਨਾ ਰਹੇ ਹਨ | ਇਹ ਪ੍ਰਗਟਾਵਾ ਬਲਜੀਤ ਸਿੰਘ ਖੀਵਾ ਡਾਇਰੈਕਟਰ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਨੇ ਡੀ.ਡੀ.ਯੂ.ਜੀ.ਕੇ ਵਾਈ ਪ੍ਰੋਜੈਕਟ ਜੋ ਮਨਿਸਟਰੀ ਆਫ ਸਕਿੱਲ ਐਜੂਕੇਸ਼ਨ ਵਲੋਂ ਸੱਤਿਆ ਸਾਈਾ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਸਦਾਰਾਮ ਬਾਂਸਲ ਸਕੂਲ ਜੈਤੋ ਰੋਡ ਕੋਟਕਪੂਰਾ ਵਿਖੇ ਕਰਵਾਇਆ ਜਾ ਰਿਹਾ ਹੈ, ਦੇ ਸਬੰਧ 'ਚ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ 'ਚ ਮੁਫ਼ਤ ਨਰਸਿੰਗ ਦਾ ਕੋਰਸ ਜੋ ਕੇਵਲ ਪੇਂਡੂ ਲੜਕੀਆਂ ਲਈ ਹੀ ਕਰਵਾਇਆ ਜਾ ਰਿਹਾ ਹੈ, ਜਿਸ 'ਚ ਜੀ.ਡੀ.ਏ (ਜਰਨਲ ਡਿਊਟੀ ਅਸਿਸਟੈਂਟ) ਜੋ ਲਗਪਗ ਤਿੰਨ ਮਹੀਨੇ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾਣਾ ਹੈ | ਲੜਕੀਆਂ ਲਈ ਸ਼ੁਰੂ ਕੀਤੇ ਗਏ ਨਵੇਂ ਬੈਚਾਂ ਦੇ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਕੇਵਲ ਮੁਫ਼ਤ ਪੜ੍ਹਾਈ ਹੀ ਨਹੀਂ, ਸਗੋਂ ਹੋਸਟਲ, ਖਾਣਾ, ਵਰਦੀਆਂ, ਕਿਤਾਬਾਂ ਵੀ ਸਰਕਾਰ ਵਲੋਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ | ਸੈਂਟਰ ਹੈੱਡ ਨਵਜੋਤ ਕੌਰ ਸੱਗੂ ਨੇ ਦੱਸਿਆ ਕਿ ਪਿਛਲੇ ਸਾਲ ਵੀ ਲਗਪਗ 450 ਦੇ ਕਰੀਬ ਵਿਦਿਆਰਥੀਆਂ ਨੇ ਇਹ ਕੋਰਸ ਕਰਕੇ ਵਧੀਆ ਨੌਕਰੀਆਂ ਪ੍ਰਾਪਤ ਕਰਕੇ ਆਰਥਿਕ ਤੌਰ 'ਤੇ ਆਤਮ-ਨਿਰਭਰ ਹੋਈਆਂ ਹਨ | ਉਨ੍ਹਾਂ ਇਲਾਕੇ ਭਰ ਦੀਆਂ ਸਮੂਹਿਕ ਗਰਾਮ ਪੰਚਾਇਤਾਂ, ਰਾਜਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਬੱਚੇ 12ਵੀਂ ਜਮਾਤ ਪਾਸ ਕਰਕੇ ਘਰਾਂ ਵਿਚ ਬੈਠੇ ਹਨ, ਉਨ੍ਹਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਓ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਤਕੜੇ ਕਰਨ 'ਚ ਆਪਣਾ ਯੋਗਦਾਨ ਪਾ ਸਕੀਏ | ਉਨ੍ਹਾਂ ਦੱਸਿਆ ਕਿ ਦਾਖ਼ਲਾ ਸਿਰਫ਼ 8 ਫ਼ਰਵਰੀ 2026 ਤੱਕ ਹੀ ਕੀਤਾ ਜਾਵੇਗਾ |