ਸ੍ਰੀ ਮੁਕਤਸਰ ਸਾਹਿਬ, 5 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੀ.ਐੱਮ. ਸ੍ਰੀ ਸਰਕਾਰੀ ਹਾਈ ਸਮਾਰਟ ਸਕੂਲ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ' ਯਾਦਵਿੰਦਰ ਸਿੰਘ ਮਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਸੋਨੀ, ਸ੍ਰੀਮਤੀ ਸ਼ਮਾ ਰਾਣੀ ਚੇਅਰਪਰਸਨ ਸਕੂਲ ਪ੍ਰਬੰਧਕੀ ਕਮੇਟੀ ਸ਼ਾਮਿਲ ਸਨ | ਇਸ ਮੌਕੇ ਕਪਿਲ ਸ਼ਰਮਾ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਏਨਾਗਾ, ਸ੍ਰੀਮਤੀ ਨੀਤੂ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬਰਕੰਦੀ ਸਕੂਲ, ਯਾਦਵਿੰਦਰ ਸਿੰਘ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਡੋਡਾਂਵਾਲੀ, ਬਸੰਤ ਸਿੰਘ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ, ਤਰਸੇਮ ਗੋਇਲ ਸਮਾਜ ਸੇਵੀ, ਅਮਨਦੀਪ ਸਿੰਘ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਤਰਮਾਲਾ, ਸੁਧੀਰ ਖੇੜਾ, ਸੰਦੀਪ ਸ਼ਰਮਾ ਆਮ ਆਦਮੀ ਪਾਰਟੀ, ਸ੍ਰੀਮਤੀ ਮੋਨਿਕਾ ਇੰਚਾਰਜ ਸਰਕਾਰੀ ਮਿਡਲ ਸਕੂਲ ਬਸਤੀ ਟਿੱਬੀ ਸਾਹਿਬ, ਅਮਰਦੀਪ ਸਿੰਘ ਇੰਚਾਰਜ ਸਰਕਾਰੀ ਮਿਡਲ ਸਕੂਲ ਸਦਰਵਾਲਾ, ਕਮਲਜੀਤ ਸਿੰਘ ਮੈਨੇਜਰ ਆਈ.ਡੀ.ਬੀ.ਆਈ. ਬੈਂਕ ਅਤੇ ਗੁਰਮੁੱਖ ਸਿੰਘ ਕੋਆਰਡੀਨੇਟਰ ਐੱਨ.ਐੱਸ.ਕਿਊ.ਐੱਫ਼. ਹਾਜ਼ਰ ਸਨ | ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕੈਟਾਗਰੀ ਅਕਾਦਮਿਕ ਪ੍ਰਾਪਤੀਆਂ, ਸਹਿ ਵਿਦਿਅਕ ਗਤੀਵਿਧੀਆਂ ਤੇ ਖੇਡਾਂ ਵਿਚ ਪ੍ਰਾਪਤੀਆਂ ਲਈ ਇਨਾਮ ਵੰਡੇ ਗਏ | ਇੱਥੇ ਇਹ ਦੱਸਣਯੋਗ ਹੈ ਕਿ ਅਕਾਦਮਿਕ ਪੱਧਰ 'ਤੇ ਮੈਰਿਟ ਪੁਜ਼ੀਸ਼ਨ ਹਾਸਿਲ ਕਰਨ ਵਾਲੇ, ਐੱਨ.ਐੱਮ.ਐੱਮ.ਐੱਸ. ਅਤੇ ਪੀ.ਐੱਸ. ਟੀ.ਐੱਸ.ਈ. ਪਾਸ ਕਰਨ ਵਾਲੇ ਵਿਦਿਆਰਥੀਆਂ, ਮੈਰੀਟੋਰੀਅਸ ਸਕੂਲਾਂ ਦਾ ਟੈੱਸਟ ਕਲੀਅਰ ਕਰਕੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ, ਖੇਡਾਂ ਵਿਚ ਜ਼ਿਲ੍ਹਾ ਤੇ ਸੂਬਾ ਪੱਧਰ 'ਤੇ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿਚ ਸੂਬਾ ਪੱਧਰ 'ਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਲੋਂ ਇਨਾਮ ਵੰਡੇ ਗਏ | ਮੁੱਖ ਅਧਿਆਪਕ ਪ੍ਰਦੀਪ ਮਿੱਤਲ ਨੇ ਸਕੂਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਸਮੂਹ ਪਤਵੰਤਿਆਂ ਦਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ |