ਮਲੋਟ, 5 ਫ਼ਰਵਰੀ (ਪਾਟਿਲ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਮਲੋਟ ਦੀ ਮੀਟਿੰਗ ਅੱਜ ਪ੍ਰਧਾਨ ਦਰਸ਼ਨ ਸਿੰਘ ਸੰਧੂ ਸੇਵਾ ਮੁਕਤ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਮਲੋਟ ਦਫ਼ਤਰ ਵਿਖੇ ਕੀਤੀ ਗਈ | ਮੀਟਿੰਗ ਵਿਚ ਸੇਵਾ ਮੁਕਤ ਇੰਸਪੈਕਟਰ ਜਸਬੀਰ ਸਿੰਘ ਸੰਧੂ, ਮਲਕੀਤ ਸਿੰਘ ਬਰਾੜ, ਕਾਰਜ ਸਿੰਘ ਢਿੱਲੋਂ, ਅਮਰੀਕ ਸਿੰਘ ਸੈਕਟਰੀ, ਜੀਤ ਸਿੰਘ, ਸੰਤਾ ਸਿੰਘ, ਹਰਜਿੰਦਰ ਸਿੰਘ, ਸਰਵਨ ਸਿੰਘ, ਸੁਖਦੇਵ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ ਤੇ ਦਰਸ਼ਨ ਸਿੰਘ ਚੰਨੂੰ ਤੋਂ ਇਲਾਵਾ 40 ਦੇ ਕਰੀਬ ਹੋਰ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਐਸੋਸੀਏਸ਼ਨ ਵਿਚ ਨਵੇਂ ਸ਼ਾਮਿਲ ਹੋਏ ਮੈਂਬਰਾਂ ਗੁਰਮੀਤ ਸਿੰਘ ਸੰਧੂ ਸੇਵਾ ਮੁਕਤ ਇੰਸਪੈਕਟਰ ਤੇ ਗਮਦੂਰ ਸਿੰਘ ਸੇਵਾ ਮੁਕਤ ਥਾਣੇਦਾਰ ਨੂੰ ਜੀ ਆਇਆ ਆਖਿਆ ਗਿਆ ਅਤੇ ਇਸ ਤੋਂ ਬਾਅਦ ਸੇਵਾ ਮੁਕਤ ਇੰਸਪੈਕਟਰ ਦਰਸ਼ਨ ਸਿੰਘ ਸਿੱਧੂ ਡੱਬਵਾਲੀ ਢਾਬ ਦੇ ਜਨਮ ਦਿਨ 'ਤੇ ਸਮੂਹ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ | ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰ ਸੁਖਮੰਦਰ ਸਿੰਘ ਬੀਹਲਾ ਸੇਵਾ ਮੁਕਤ ਮੁੱਖ ਸਿਪਾਹੀ ਦੀ ਪਿਛਲੇ ਦਿਨੀਂ ਹੋਈ ਅਚਨਚੇਤ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਸੇਵਾ ਕਰਦੇ ਤੇ ਸੇਵਾ ਮੁਕਤ ਪੁਲਿਸ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਐਸੋਸ਼ੀਏਸ਼ਨ ਵਲੋਂ ਪੰਜਾਬ ਸਰਕਾਰ ਤੋਂ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਇੰਨ-ਬਿੰਨ ਲਾਗੂ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਲਦੀ ਤੋਂ ਜਲਦੀ ਜਾਰੀ ਕਰਨ ਤੇ ਸੇਵਾ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਤਰਜ਼ 'ਤੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਨੂੰ ਵੀ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦੇਣ ਦੀ ਪੁਰਜ਼ੋਰ ਮੰਗ ਵੀ ਕੀਤੀ ਗਈ | ਅਖ਼ੀਰ ਵਿਚ ਪ੍ਰਧਾਨ ਵਲੋਂ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |