25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਫਾਇਨਾਂਸਰ ਤੋਂ ਤੰਗ ਆ ਕੇ ਸਬਜ਼ੀ ਰੇਹੜੀ ਵਾਲੇ ਵਲੋਂ ਆਤਮ-ਹੱਤਿਆ

Ad Position 21
No active advertisement
ਅਜੀਤ ਡੈਸਕ 07-02-2026

•ਰੋਸ ਵਜੋਂ ਸਬਜ਼ੀ ਰੇਹੜੀ ਵਾਲਿਆਂ ਨੇ ਕੰਮ ਕੀਤਾ ਠੱਪ
ਮਲੋਟ, 6 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਲੰਘੀ ਰਾਤ ਮਲੋਟ ਸ਼ਹਿਰ 'ਚ ਰੇਲਵੇ ਓਵਰਬਿ੍ਜ ਥੱਲੇ ਸਬਜ਼ੀ ਰੇਹੜੀ ਮਾਰਕਿਟ ਨੇੜੇ ਇਕ 32 ਸਾਲ ਦੇ ਵਿਅਕਤੀ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ | ਮਿ੍ਤਕ ਸਬਜ਼ੀ ਦੀ ਰੇਹੜੀ ਲਗਾਉਣ ਦਾ ਕੰਮ ਕਰਦਾ ਸੀ ਤੇ ਪਿਛਲੇ 3 ਦਿਨਾਂ ਤੋਂ ਲਾਪਤਾ ਸੀ | ਹੁਣ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਰਥਿਕ ਤੰਗੀ ਕਰਕੇ ਪ੍ਰੇਸ਼ਾਨ ਸੀ | ਉਸ ਵਲੋਂ ਬੈਂਕ ਤੇ ਨਿੱਜੀ ਵਿਅਕਤੀਆਂ ਦਾ ਕਰਜ਼ਾ ਦੇਣਾ ਸੀ | ਫਾਇਨਾਂਸਰਾਂ ਵਲੋਂ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ | ਇਸ ਮੁੱਦੇ 'ਤੇ ਸਮੂਹ ਸਬਜ਼ੀ ਦੀ ਰੇਹੜੀ ਲਗਾਉਣ ਵਾਲਿਆਂ ਨੇ ਹੜਤਾਲ ਕਰਕੇ ਆਪਣਾ ਕੰਮ ਬੰਦ ਰੱਖਿਆ | ਉਨ੍ਹਾਂ ਮੰਗ ਕੀਤੀ ਕਿ ਮਿ੍ਤਕ ਸ਼ਾਦੀਸ਼ੁਦਾ ਸੀ ਅਤੇ ਛੋਟੇ-ਛੋਟੇ ਬੱਚੇ ਹਨ, ਜਿਸ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ | ਇਸ ਮਾਮਲੇ 'ਤੇ ਸਿਟੀ ਮਲੋਟ ਦੇ ਮੁੱਖ ਅਫ਼ਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮਲੋਟ ਪੁਲ ਥੱਲੇ ਸਬਜ਼ੀ ਦੀ ਰੇਹੜੀ ਦਾ ਕੰਮ ਕਰਦਾ ਰਜਤ ਉਰਫ਼ ਕਾਲੂ ਪੁੱਤਰ ਸੁਲਤਾਨ ਬੀਤੇ ਮੰਗਲਵਾਰ ਨੂੰ ਅਚਾਨਕ ਘਰੋਂ ਲਾਪਤਾ ਹੋ ਗਿਆ | ਅੱਜ ਸਵੇਰੇ ਰੇਹੜੀ ਮਾਰਕੀਟ ਨੇੜੇ ਉਸ ਦੀ ਲਟਕਦੀ ਲਾਸ਼ ਮਿਲੀ | ਜਿਸ ਤੋਂ ਬਾਅਦ ਪੁਲਿਸ ਤੇ ਪਰਿਵਾਰ ਮੌਕੇ 'ਤੇ ਪੁੱਜ ਗਏ | ਇਸ ਸੰਬੰਧੀ ਮਿ੍ਤਕ ਦੇ ਭਰਾ ਵਿਸ਼ੂ ਨੇ ਦੱਸਿਆ ਕਿ ਉਸ ਦਾ ਭਰਾ 12 ਸਾਲਾਂ ਤੋਂ ਸਬਜ਼ੀ ਦਾ ਕੰਮ ਕਰਦਾ ਹੈ | ਉਸ ਵਲੋਂ ਫਾਇਨਾਂਸਰਾਂ ਦਾ ਪੈਸਾ ਦੇਣਾ ਸੀ | ਇਸ ਤੋਂ ਇਲਾਵਾ ਬੈਂਕ ਲੋਨ ਵੀ ਲਿਆ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ | ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਕੁੱਲ 5-7 ਲੱਖ ਦੇ ਕਰੀਬ ਕਰਜ਼ਾ ਦੇਣਾ ਸੀ, ਪਰ ਨਿੱਜੀ ਫਾਇਨਾਂਸਰਾਂ ਵਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਦੇ ਦੁੱਖ ਕਰਕੇ ਹੀ ਉਹ ਗ਼ਾਇਬ ਹੋ ਗਿਆ ਅਤੇ ਰਾਤ ਕਿਸੇ ਵੇਲੇ ਆਤਮ-ਹੱਤਿਆ ਕਰ ਲਈ | ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ | ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਕਿਸੇ ਵਿਅਕਤੀ ਦਾ ਨਾਅ ਨਹੀਂ ਲਿਆ ਕਿ ਕੌਣ ਪ੍ਰੇਸ਼ਾਨ ਕਰਦਾ ਸੀ | ਓਧਰ ਰੇਹੜੀ ਯੂਨੀਅਨ ਦੇ ਪ੍ਰਧਾਨ ਮਨੀਸ਼ ਕੁਮਾਰ ਨੇ ਵੀ ਕਿਹਾ ਕਿ ਇਹ ਮੌਤ ਫਾਇਨਾਂਸਰ ਦੇ ਧਮਕਾਉਣ ਕਰਕੇ ਹੋਈ ਹੈ ਤੇ ਉਨ੍ਹਾਂ ਨੇ ਅੱਜ ਸਬਜ਼ੀ ਮੰਡੀ 'ਚ ਵੀ ਹੜਤਾਲ ਕੀਤੀ ਹੋਈ ਹੈ | ਮਿ੍ਤਕ ਦੇ ਰਿਸ਼ਤੇਦਾਰ ਰਜੇਸ਼ ਕੁਮਾਰ ਕਠੇਰੀਆ, ਹੋਰ ਰਿਸ਼ਤੇਦਾਰਾਂ ਤੇ ਰੇਹੜੀ ਯੂਨੀਅਨ ਦੇ ਅਹੁਦੇਦਾਰਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ ਅਤੇ ਰਜਤ ਨੂੰ ਖ਼ੁਦਕਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਫਾਇਨਾਂਸਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ | ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਪੁਲਿਸ ਨੂੰ ਜੋ ਬਿਆਨ ਲਿਖਾਏ ਜਾਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵਲੋਂ ਰਾਤ ਸਮੇਂ ਚੈਕਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਸਾੜੇ
Ad Position 24