ਸ੍ਰੀ ਮੁਕਤਸਰ ਸਾਹਿਬ, 6 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਜ਼ਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਠ ਪੁਲਿਸ ਵਲੋਂ ਪੂਰੀ ਰਾਤ ਤੱਕ ਨਾਈਟ ਡੋਮੀਨੇਸ਼ਨ ਤਹਿਤ ਇਕ ਵਿਸਥਾਰਪੂਰਕ ਚੈਕਿੰਗ ਮੁਹਿੰਮ ਚਲਾਈ ਗਈ | ਇਸ ਚੈਕਿੰਗ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕਿਆਂ ਤੋਂ ਇਲਾਵਾ, ਰੇਲਵੇ ਸਟੇਸ਼ਨ, ਬੱਸ ਅੱਡਾ, ਮੁੱਖ ਰੂਟਾਂ, ਗਲੀ-ਮੁਹੱਲੇ, ਲਾਵਾਰਸ ਵਾਹਨ, ਸੁਰੱਖਿਆ ਗਾਰਡ, ਨਾਈਟ ਸ਼ਿਫ਼ਟ ਕੰਮ ਕਰ ਰਹੇ ਕਰਮਚਾਰੀ ਅਤੇ ਨੋ-ਮੂਵਮੈਂਟ ਇਲਾਕਿਆਂ ਵਿਚ ਵੀ ਸਮੇਤ ਪੀ.ਸੀ.ਆਰ. ਮੋਟਰਸਾਈਕਲਾਂ ਵਲੋਂ ਗਸ਼ਤ ਤੇ ਫਲੈਗ ਮਾਰਚ ਕਰਕੇ ਜਾਂਚ ਕੀਤੀ ਗਈ | ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਪੈਸੰਜਰ ਬੈਗਾਂ ਦੀ ਸਕੈਨਿੰਗ, ਰਿਕਾਰਡ ਜਾਂਚ ਕੀਤੀ ਗਈ | ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਅਤੇ ਸਵਾਰੀਆਂ ਦੇ ਬੈਗਾਂ ਦੀ ਜਾਂਚ ਕੀਤੀ | ਜੀ.ਆਰ.ਪੀ. ਪੁਲਿਸ ਟੀਮ ਦੇ ਨਾਲ ਮਿਲ ਕੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ ਪੁਸ਼ਟੀ ਕੀਤੀ ਗਈ | ਕਈ ਵਿਅਕਤੀਆਂ ਦੇ ਰਿਕਾਰਡ ਐਪ ਰਾਹੀਂ ਤੁਰੰਤ ਵੈਰੀਫ਼ਾਈ ਕੀਤੇ ਗਏ, ਤਾਂ ਜੋ ਉਨ੍ਹਾਂ ਦੇ ਕਿਸੇ ਕ੍ਰਮੀਨਲ ਰਿਕਾਰਡ ਨੂੰ ਜਾਂਚਿਆ ਜਾ ਸਕੇ | ਪੁਲਿਸ ਵਲੋਂ ਰਾਤ ਸਮੇਂ ਸੁਰੱਖਿਆ ਯਕੀਨੀ ਬਣਾਉਣ ਲਈ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਬੱਸ ਅੱਡੇ ਦੇ ਨਜ਼ਦੀਕ ਲੰਮੇ ਸਮੇਂ ਤੋਂ ਲਾਵਾਰਸ ਅਵਸਥਾ ਵਿਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ 'ਵਾਹਨ ਐਪ' ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫ਼ਾਈ ਕੀਤਾ ਅਤੇ ਉਨ੍ਹਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੈਰੀਫ਼ਾਈ ਕੀਤਾ ਗਿਆ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ਵਿਚ ਲੋੜੀਂਦਾ ਤਾਂ ਨਹੀਂ ਹੈ | ਇਸ ਦੇ ਨਾਲ ਹੀ ਬੱਸਾਂ ਵਿਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕੀਤਾ ਗਿਆ | ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ) ਵਲੋਂ ਵੱਖ-ਵੱਖ ਪੁਲਿਸ ਟੀਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ | ਮੁੱਖ ਰੂਟਾਂ, ਕਾਲੋਨੀਆਂ, ਬਾਜ਼ਾਰਾਂ ਜਿੱਥੇ ਆਵਾਜਾਈ ਵਧੇਰੇ ਆਉਣ-ਜਾਣ ਰਹਿੰਦੀ ਹੈ, ਉੱਥੇ ਨਾਕੇ ਲਗਾ ਕੇ ਹਰ ਵਾਹਨ ਤੇ ਵਿਅਕਤੀ ਦੀ ਜਾਂਚ ਕੀਤੀ ਗਈ | ਰਸ਼ਪਾਲ ਸਿੰਘ ਡੀ.ਐੱਸ.ਪੀ. ਵਲੋਂ ਪੀ.ਸੀ.ਆਰ. ਮੋਟਰਸਾਈਕਲ ਟੀਮਾਂ ਨਾਲ ਲਗਾਤਾਰ ਰਿਹਾਇਸ਼ੀ ਇਲਾਕਿਆਂ ਤੇ ਮੁਹੱਲਿਆਂ ਵਿਚ ਗਸ਼ਤ ਕਰਕੇ ਨਿਗਰਾਨੀ ਕੀਤੀ ਗਈ | ਡੀ.ਐਸ.ਪੀ ਵਲੋਂ ਨਾਈਟ ਡਿਊਟੀ 'ਤੇ ਲੱਗੇ ਸਕਿਉਰਿਟੀ ਗਾਰਡਾਂ ਨਾਲ ਵੀ ਵਿਸਥਾਰ ਨਾਲ ਗੱਲ ਕੀਤੀ | ਉਨ੍ਹਾਂ ਤੋਂ ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਦੇ ਇਲਾਕੇ ਵਿਚ ਹੋਈਆਂ ਸ਼ੱਕੀ ਗਤੀਵਿਧੀਆ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਵਧੀਆ ਢੰਗ ਦੇ ਨਾਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਦੇ ਨਾਲ ਹੀ ਕਈ ਸਥਾਨਾਂ, ਪਾਰਕ, ਰਿਜੋਰਟ ਆਦਿ ਵਾਲੀਆਂ ਥਾਵਾਂ ਦੀ ਵੀ ਪੁਲਿਸ ਵਲੋਂ ਚੈਕਿੰਗ ਕੀਤੀ ਗਈ | ਜਿੱਥੇ ਵੀ ਪੁਲਿਸ ਨੂੰ ਕੋਈ ਵਾਹਨ ਜਾਂ ਵਿਅਕਤੀ ਸ਼ੱਕੀ ਲੱਗਾ, ਉੱਥੇ ਉਨ੍ਹਾਂ ਦੇ ਵਾਹਨ ਦੇ ਕਾਗ਼ਜ਼, ਡਰਾਇਵਿੰਗ ਲਾਇਸੈਂਸ, ਨੰਬਰ ਪਲੇਟ ਜਾਂ ਵਾਧੂ ਐਕਸੈਸਰੀਜ਼ ਜਾਂਚੀਆਂ ਗਈਆਂ | ਬਿਨਾਂ ਨੰਬਰ, ਡਿੰਮ ਲਾਈਟ, ਮੋਡੀਫਾਈਡ ਸਿਲੈਂਸਰ ਜਾਂ ਹੋਰ ਟ੍ਰੈਫ਼ਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕ ਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਗਈ | ਐੱਸ.ਐੱਸ.ਪੀ. ਨੇ ਇਸ ਮੁਹਿੰਮ ਬਾਰੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਹੇਠ ਗੈਂਗਸਟਰਾਂ 'ਤੇ ਵਾਰ ਮਹਿਮ ਨੂੰ ਮੁੱਖ ਰੱਖਦਿਆਂ ਨਿਰੰਤਰ ਚੈਕਿੰਗ ਹੋ ਰਹੀ ਹੈ, ਜਿਸ ਦਾ ਉਦੇਸ਼ ਲੋਕਾ ਵਿਚ ਭਰੋਸਾ ਪੈਦਾ ਕਰਨਾ ਹੈ | ਕਿਸੇ ਵੀ ਸ਼ੱਕੀ ਜਾਂ ਗ਼ਲਤ ਅਨਸਰ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ |