ਮੰਡੀ ਕਿੱਲਿਆਂਵਾਲੀ, 6 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਦੇ ਬਠਿੰਡਾ ਮੋਰਚੇ ਨੂੰ ਲਾਮਬੰਦੀ ਪੱਖੋਂ ਫ਼ੇਲ੍ਹ ਕਰਨ ਦੀ ਸਰਕਾਰੀ ਕੋਸ਼ਿਸ਼ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਪੰਜਾਬ ਪੁਲਿਸ ਦੇ ਅਮਲੇ ਨੂੰ ਪੁੱਠੀ ਪੈ ਗਈ | ਇੱਥੇ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਦੇ ਘਰ ਛਾਪੇਮਾਰੀ ਮੌਕੇ ਕਿਸਾਨਾਂ-ਮਜ਼ਦੂਰਾਂ ਨੇ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਕਾਰ ਨੂੰ ਘੇਰ ਲਿਆ ਤੇ ਧਰਨਾ ਸ਼ੁਰੂ ਕਰ ਦਿੱਤਾ | ਕਿਸਾਨ ਆਗੂ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਅਮਲੇ ਨੇ ਬਿਨਾਂ ਕਿਸੇ ਚੌਕੀਦਾਰ ਤੇ ਮਹਿਲਾ ਮੁਲਾਜ਼ਮਾਂ ਦੇ ਘਰ ਵਿਚ ਦਬਿਸ਼ ਦਿੱਤੀ ਅਤੇ ਘਰ 'ਚ ਪੁੱਜ ਕੇ ਆਪਣੀ ਹਾਜ਼ਰੀ ਦਿਖਾਉਣ ਲਈ ਘਰ ਦੀ ਇਮਾਰਤ ਤੇ ਪਰਿਵਾਰ ਦੀਆਂ ਔਰਤਾਂ ਨਾਲ ਫ਼ੋਟੋਆਂ ਖਿੱਚੀਆਂ | ਦਰਅਸਲ ਬਠਿੰਡਾ ਮੋਰਚੇ ਦੇ ਤਾਰਪੀਡੋ ਤੇ ਸਰਕਾਰੀ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨੇ ਲੰਬੀ ਹਲਕੇ 'ਚ ਵੱਖ-ਵੱਖ ਥਾਵਾਂ ਪਿੰਡ ਸਿੱਖਵਾਲਾ ਵਿਖੇ ਬਲਾਕ ਖ਼ਜ਼ਾਨਚੀ ਮਨੋਹਰ ਸਿੰਘ, ਖੁੱਡੀਆਂ ਵਿਖੇ ਗੁਰਤੇਜ ਸਿੰਘ ਖੁੱਡੀਆਂ, ਪਿੰਡ ਕਿੱਲਿਆਂਵਾਲੀ 'ਚ ਬਲਾਕ ਮੀਤ ਪ੍ਰਧਾਨ ਹਰਪਾਲ ਸਿੰਘ, ਮਿੱਠੜੀ ਬੁੱਧਗਿਰ ਵਿਖੇ ਦਲਜੀਤ ਸਿੰਘ ਤੇ ਘੁਮਿਆਰਾ ਵਿਖੇ ਲਖਵਿੰਦਰ ਸਿੰਘ ਖਿੰਦਾ ਦੀ ਭਾਲ ਵਿਚ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀਆਂ ਕੀਤੀਆਂ | ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਪਗ 5 ਵਜੇ ਤੋਂ ਵੱਖ-ਵੱਖ ਪੁਲਿਸ ਟੀਮਾਂ ਕਿਸਾਨ ਆਗੂਆਂ ਨੂੰ ਬਠਿੰਡਾ ਮੋਰਚੇ ਵਿਚ ਪੁੱਜਣ ਤੋਂ ਰੋਕਣ ਲਈ ਛਾਪੇਮਾਰੀਆਂ ਲਈ ਸਰਗਰਮ ਸਨ | ਇਸੇ ਕੜੀ ਤਹਿਤ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਪੁਲਿਸ ਦੀ ਛਾਪੇਮਾਰੀ ਵਾਲਾ ਦਾਅ ਪੁੱਠਾ ਪੈ ਗਿਆ | ਪੁਲਿਸ ਅਮਲੇ ਵਲੋਂ ਗੁਰਪਾਸ਼ ਸਿੰਘੇਵਾਲਾ ਦੇ ਘਰ ਮੂਹਰੇ ਗਲੀ 'ਚ ਖੜ੍ਹੀ ਕੀਤੀ ਕਾਰ ਨੂੰ ਘੇਰਨ ਉਪਰੰਤ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਭਖਵਾਂ ਧਰਨਾ ਲਗਾ ਦਿੱਤਾ ਗਿਆ | ਧਰਨਾ ਲੱਗਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਕਾਰ ਨੂੰ ਛੁਡਵਾਉਣ ਲਈ ਥਾਣਾ ਕਿੱਲਿਆਂਵਾਲੀ ਦੇ ਮੁਖੀ ਜਗਸੀਰ ਸਿੰਘ ਵੀ ਮੌਕੇ 'ਤੇ ਪੁੱਜੇ | ਲੰਬੀ ਗੱਲਬਾਤ ਦੌਰਾਨ ਕਿਸਾਨਾਂ-ਮਜ਼ਦੂਰਾਂ ਨੇ ਗੱਡੀ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਲੋਕ-ਆਵਾਜ਼ ਨੂੰ ਦਬਾਉਣ ਲਈ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰ ਕਾਰਵਾਈਆਂ ਨੂੰ ਗੈਰ-ਸੰਵਿਧਾਨਕ ਦੱਸਿਆ | ਗੁਰਪਾਸ਼ ਸਿੰਘੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਅਮਲਾ ਅੱਜ ਸਵੇਰ 5 ਵਜੇ ਤੋਂ ਦੋ-ਤਿੰਨ ਗੱਡੀਆਂ 'ਚ ਉਨ੍ਹਾਂ ਦੇ ਘਰ ਮੂਹਰੇ ਗੇੜੇ ਲਗਾ ਰਿਹਾ ਸੀ | ਸਵੇਰੇ ਕਰੀਬ 6 ਵਜੇ ਦੋ-ਤਿੰਨ ਪੁਲਿਸ ਮੁਲਾਜ਼ਮ ਘਰ ਵਿਚ ਆਏ ਅਤੇ ਗੁਰਪਾਸ਼ ਸਿੰਘ ਦੀ ਭਾਲ ਸੰਬੰਧੀ ਪੁੱਛਗਿੱਛ ਕੀਤੀ | ਮੁਲਾਜ਼ਮ ਘਰ 'ਚ ਇੱਧਰ-ਉਧਰ ਗੁਰਪਾਸ਼ ਸਿੰਘ ਦੀ ਭਾਲ ਕਰਨ ਲੱਗੇ, ਜਿਨ੍ਹਾਂ ਦੇ ਨਾਲ ਕੋਈ ਮਹਿਲਾ ਮੁਲਾਜ਼ਮ ਤੇ ਚੌਂਕੀਦਾਰ ਨਹੀਂ ਸੀ | ਪਰਿਵਾਰ ਮੁਤਾਬਕ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਦੱਸਿਆ ਕਿ ਗੁਰਪਾਸ਼ ਸਿੰਘ ਕੱਲ੍ਹ ਸ਼ਾਮ 5 ਵਜੇ ਤੋਂ ਘਰੋਂ ਬਾਹਰ ਗਏ ਹੋਏ ਹਨ | ਫ਼ਿਰ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਆਪਣੀ ਹਾਜ਼ਰੀ ਵਿਖਾਉਣ ਲਈ ਘਰ ਦੀਆਂ ਔਰਤਾਂ ਨਾਲ ਫ਼ੋਟੋਆਂ ਖਿੱਚੀਆਂ, ਜੋ ਸਮਾਜਿਕ ਤੇ ਕਾਨੂੰਨੀ ਤੌਰ 'ਤੇ ਪੂਰੀ ਤਰ੍ਹਾਂ ਗੈਰ-ਇਖਲਾਕੀ ਹੈ | ਪੁਲਿਸ ਕਾਰਵਾਈ ਦੇ ਖ਼ਿਲਾਫ਼ ਕਿਸਾਨ ਆਗੂਆਂ ਦੇ ਘਰ ਮੂਹਰੇ ਘੇਰੀ ਹੋਈ ਕਾਰ ਕੋਲ ਲਗਾਏ ਧਰਨੇ 'ਚ ਦੌਰਾਨ ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ, ਮਨੋਹਰ ਸਿੰਘ ਸਿੱਖਵਾਲਾ ਤੇ ਦਲਜੀਤ ਸਿੰਘ ਮਿੱਠੜੀ ਅਤੇ ਕਾਲਾ ਸਿੰਘ ਖੂੰਨਣ ਖੁਰਦ ਵਗੈਰਾ ਵੀ ਪੁੱਜ ਗਏ | ਧਰਨੇ ਨੂੰ ਸੰਬੋਧਨ ਕਰਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਚਾਊਕੇ ਮਾਮਲੇ ਦਾ ਜ਼ਿਕਰ ਕਰਦੇ ਆਖਿਆ ਕਿ ਭਿ੍ਸ਼ਟਾਚਾਰ ਖ਼ਿਲਾਫ਼ ਆਵਾਜ਼ ਚੁੱਕਣ ਆਗੂ ਬਲਦੇਵ ਸਿੰਘ ਚਾਊਕੇ ਤੇ ਸ਼ਗਨਦੀਪ ਸਿੰਘ ਜਿਉਂਦ ਨੂੰ ਸਰਕਾਰ ਨੇ 9 ਮਹੀਨੇ ਤੋਂ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ | ਉਨ੍ਹਾਂ ਦੀ ਰਿਹਾਈ ਲਈ ਉਲੀਕੇ ਅੱਜ ਬਠਿੰਡਾ ਮੋਰਚੇ ਤਹਿਤ ਆਵਾਜ਼ਬੰਦੀ ਲਈ ਪੁਲਿਸ ਘਰਾਂ ਵਿਚ ਛਾਪੇਮਾਰੀਆਂ ਕਰ ਰਹੀ ਹੈ | ਧਰਨੇ ਮੌਕੇ ਆਗੂ ਨੇ ਐਲਾਨ ਕੀਤਾ ਕਿ ਜਥੇਬੰਦਕ ਕੋਲ ਨੂੰ ਪੁਲਿਸ ਦੀਆਂ ਛਾਪੇਮਾਰੀਆਂ ਨਾਲ ਨਹੀਂ ਕਮਜ਼ੋਰ ਕੀਤਾ ਜਾ ਸਕਦਾ | ਦੂਜੇ ਪਾਸੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਜਗਸੀਰ ਸਿੰਘ ਨੇ ਕਿਹਾ ਕਿ ਪੁਲਿਸ ਕਰਮਚਾਰੀ ਧਰਨੇ ਸੰਬੰਧੀ ਕਿਸਾਨ ਆਗੂਆਂ ਨਾਲ ਰਾਬਤਾ ਕਰਨ ਲਈ ਪੁੱਜੇ ਸਨ | ਫਤੂਹੀਵਾਲਾ ਵਿਖੇ ਇਕ ਪੁਲਿਸ ਮੁਲਾਜ਼ਮ ਦੀ ਗਲੀ 'ਚ ਖੜ੍ਹੀ ਕਾਰ ਨੂੰ ਲਿਜਾਣ ਤੋਂ ਰੋਕ ਦਿੱਤਾ ਤੇ ਧਰਨਾ ਸ਼ੁਰੂ ਦਿੱਤਾ ਗਿਆ | ਉਨ੍ਹਾਂ ਮੁਲਾਜ਼ਮਾਂ ਵਲੋਂ ਘਰ ਵਿਚ ਔਰਤਾਂ ਨਾਲ ਫ਼ੋਟੋਆਂ ਖਿੱਚਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ਼ ਕਰ ਦਿੱਤਾ |