ਪਿੰਡ ਭਾਰੂ 'ਚ ਕਈ ਦਹਾਕਿਆਂ ਤੋਂ ਟੁੱਟੀ ਸੜਕ ਦਾ ਮਾਮਲਾ ਤੂਲ ਫ਼ੜਨ ਲੱਗਿਆ
ਅਜੀਤ ਡੈਸਕ
07-02-2026
ਗਿੱਦੜਬਾਹਾ, 6 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਭਾਰੂ 'ਚੋਂ ਗੁਜ਼ਰਦੀ ਮੁੱਖ ਸੜਕ ਕਈ ਦਹਾਕਿਆਂ ਤੋਂ ਟੁੱਟਣ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ | ਭਾਕਿਯੂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਪਿੰਡ ਭਾਰੂ ਅਜਿਹਾ ਪਿੰਡ ਹੈ, ਜੋ ਕਿ ਗਿੱਦੜਬਾਹਾ ਦੀ ਵੱਖੀ 'ਚ ਵਸਿਆ ਹੋਇਆ ਹੈ | ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ ਅਤੇ ਜੈਤੋ ਜਾਣ ਦਾ ਸੜਕੀ ਰਸਤਾ ਹੈ ਅਤੇ ਅਨੇਕਾਂ ਹੀ ਬੱਸਾਂ ਤੇ ਹੋਰ ਵਾਹਨਾਂ ਦੀ ਉਕਤ ਸੜਕ 'ਤੇ ਵੱਡੀ ਗਿਣਤੀ 'ਚ ਆਵਾਜਾਈ ਰਹਿੰਦੀ ਹੈ | ਪਿੰਡ ਭਾਰੂ ਦੇ ਵਿਚਕਾਰੋਂ ਗੁਜ਼ਰਦੀ ਉਕਤ ਸੜਕ ਦਾ 100 ਮੀਟਰ ਦੇ ਲਗਪਗ ਹਿੱਸਾ ਲੰਮੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ | ਭਾਕਿਯੂ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਬਾ ਯੂਥ ਪ੍ਰਧਾਨ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਿੰਡ ਭਾਰੂ 'ਚੋਂ ਗੁਜ਼ਰ ਰਹੀ ਸੜਕ ਦੀ ਸਾਰ ਹੀ ਨਹੀਂ ਲਈ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੀ ਅਣਦੇਖੀ ਕੀਤੀ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ 'ਤੇ ਵੱਡੇ-ਵੱਡੇ ਟੋਟੇ ਪੈ ਗਏ ਹਨ | ਪਿੰਡ ਵਾਸੀ ਅਕਸਰ ਆਪਣੇ ਪੱਧਰ 'ਤੇ ਉਕਤ ਜਗ੍ਹਾ 'ਤੇ ਮਿੱਟੀ ਪਾ ਦਿੰਦੇ ਹਨ, ਪਰ ਵੱਡੀ ਗਿਣਤੀ ਵਿਚ ਲੰਘਦੇ ਵੱਡੇ-ਛੋਟੇ ਵਾਹਨਾਂ ਕਾਰਨ ਮਿੱਟੀ ਖੱਡਿਆਂ ਵਿਚੋਂ ਨਿਕਲ ਜਾਂਦੀ ਹੈ | ਮਿੱਟੀ ਦੀ ਧੂੜ ਉਡਣ ਕਰਕੇ ਸੜਕ ਦੇ ਆਸ-ਪਾਸ ਘਰਾਂ 'ਚ ਵਸਦੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਹੈ | ਬਾਰਿਸ਼ਾਂ ਦੇ ਦਿਨਾਂ ਵਿਚ ਤਾਂ ਉਕਤ ਜਗ੍ਹਾ 'ਤੇ ਡੂੰਘੇ ਖੱਡੇ ਦਿਖਾਈ ਨਾ ਦੇਣ ਕਰਕੇ ਹਾਦਸੇ ਵਾਪਰ ਜਾਂਦੇ ਹਨ | ਅਕਸਰ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਾਡੇ ਰਾਜਨੀਤਿਕ ਆਗੂ ਆਪਣੀ ਫ਼ੋਕੀ ਸ਼ੌਹਰਤ ਲਈ ਵਿਕਾਸ ਹੋਣ ਦੇ ਵਾਅਦੇ ਕਰਦੇ ਹਨ, ਪਰ ਲੰਮੇ ਸਮੇਂ ਤੋਂ ਟੁੱਟੀ ਸੜਕ ਤੋਂ ਲੰਘਦੇ ਰਾਜਨੀਤਿਕ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗ੍ਹਾ ਕਿਉਂ ਨਹੀ ਪੈਂਦੀ? ਉਨ੍ਹਾਂ ਕਿਹਾ ਕਿ ਥੋੜ੍ਹੀ ਦੂਰੀ 'ਤੇ ਗਿੱਦੜਬਾਹਾ ਭਾਰੂ ਚੌਕ ਦੇ ਨਜ਼ਦੀਕ ਕਈ ਦਹਾਕਿਆਂ ਤੋਂ ਸੜਕ ਟੁੱਟੀ ਸੜਕ 'ਤੇ ਘਰਾਂ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਜਲਦੀ ਬਣਾਇਆ ਜਾਵੇ | ਜੇਕਰ ਸੜਕ ਨੂੰ ਜਲਦੀ ਨਾ ਬਣਾਇਆ ਗਿਆ ਤਾਂ ਗਿੱਦੜਬਾਹਾ ਭਾਰੂ ਚੌਕ 'ਚ ਰੋਸ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਨਾਨਕ ਸਿੰਘ, ਫੌਜਾ ਸਿੰਘ, ਗੁਰਲਾਲ ਸਿੰਘ, ਸੰਦੀਪ ਸਿੰਘ, ਸਿੰਕਦਰ ਸਿੰਘ, ਅੰਮਿ੍ਤਪਾਲ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਮੁਕੰਦ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ, ਨੈਬ ਸਿੰਘ, ਜਲੌਰ ਸਿੰਘ, ਨੀਲਾ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਬੋਹੜ ਸਿੰਘ, ਮੇਜਰ ਸਿੰਘ, ਰੇਸ਼ਮ ਸਿੰਘ, ਛਿੰਦਾ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ, ਗੋਰਾ ਸਿੰਘ, ਭੀਮਾ, ਗੇਲਾ ਸਿੰਘ, ਮਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ |