ਸ੍ਰੀ ਮੁਕਤਸਰ ਸਾਹਿਬ, 6 ਫ਼ਰਵਰੀ (ਹਰਮਹਿੰਦਰ ਪਾਲ)-ਬੀ. ਐੱਲ. ਓ. ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਪ੍ਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ 'ਚ ਜੀ. ਏ. ਟੂ ਡਿਪਟੀ ਕਮਿਸ਼ਨਰ ਨੂੰ ਮਿਲਿਆ | ਵਫ਼ਦ ਨੇ ਦਿੱਤੇ ਆਪਣੇ ਮੰਗ-ਪੱਤਰ ਰਾਹੀਂ ਦੱਸਿਆ ਕਿ ਬੀ. ਐੱਲ. ਓਜ. ਨੂੰ ਲਗਪਗ ਹਰ ਰੋਜ਼ ਵਾਂਗ ਵੋਟਰ ਵੈਰੀਫ਼ਿਕੇਸ਼ਨ ਦਾ ਕੰਮ ਕਰਨਾ ਹੁੰਦਾ ਹੈ | ਇਸ ਤੋਂ ਬਿਨਾਂ ਐੱਸ. ਆਰ. ਆਈ. ਦਾ ਕੰਮ ਅਤੇ ਵਿਆਹੀਆਂ ਕੁੜੀਆਂ ਨੂੰ ਐੱਸ. ਆਰ. ਆਈ. ਦਾ ਰਿਕਾਰਡ ਵੀ ਭੇਜਣਾ ਹੁੰਦਾ ਹੈ ਜਦਕਿ ਇਨ੍ਹਾਂ ਕੰਮ ਹੋਣ ਦੇ ਬਾਵਜੂਦ ਵੀ ਬੀ. ਐੱਲ. ਓਜ਼. ਦੀ ਡਿਊਟੀ 'ਮੇਰਾ ਘਰ ਮੇਰੇ ਨਾਂਅ', ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਤੇ ਲਗਾ ਦਿੱਤੀ ਜਾਂਦੀ ਹੈ | ਵਫ਼ਦ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿਚ ਜਿਨ੍ਹਾਂ ਬੀ. ਐੱਲ. ਓਜ.. ਦੀ ਡਿਊਟੀ ਲੱਗੀ ਸੀ, ਡਿਪਟੀ ਕਮਿਸ਼ਨਰ ਨੇ ਉਹ ਡਿਊਟੀ ਕੱਟਣ ਦੇ ਹੁਕਮ ਦੇ ਦਿੱਤੇ ਸਨ, ਪਰ 'ਮੇਰਾ ਘਰ ਮੇਰੇ ਨਾਂਅ' 'ਚ ਲਗਪਗ 15 ਬੀ. ਐੱਲ. ਓਜ. ਦੀ ਡਿਊਟੀ ਹਾਲੇ ਵੀ ਲੱਗੀ ਹੈ | ਜਿਥੇ ਇਹ ਡਿਊਟੀ ਕੱਟੀ ਜਾਵੇ, ਉੱਥੇ ਭਵਿੱਖ 'ਚ ਚੋਣ ਕੰਮਾਂ 'ਤੇ ਐੱਸ. ਆਰ. ਆਈ. ਤੋਂ ਬਿਨਾਂ ਹੋਰ ਡਿਊਟੀ ਨਾ ਲਗਾਈ ਜਾਵੇ | ਇਸ ਤੋਂ ਬਿਨਾਂ ਜਿਨ੍ਹਾਂ ਬੀ. ਐੱਲ. ਓਜ਼. ਦਾ ਐੱਸ. ਆਰ. ਆਈ. ਦਾ ਕੰਮ 30 ਫੀਸਦੀ ਤੋਂ ਘੱਟ ਹੋਇਆ ਹੈ, ਉਨ੍ਹਾਂ ਨੂੰ ਪਿੱਤਰੀ ਵਿਭਾਗ ਤੋਂ ਫਾਰਗ ਕੀਤਾ ਜਾਵੇ ਤੇ ਲੇਬਰ ਕਲਾਸ ਰਿਹਾਇਸ਼ੀ ਇਲਾਕੇ 'ਚ ਮੁਨਿਆਦੀ ਕਰਵਾ ਕੇ, ਦਫ਼ਤਰ ਵਲੋਂ ਕੈਂਪ ਲਗਾ ਕੇ ਲੋਕਾਂ ਨੂੰ 2003 ਦਾ ਰਿਕਾਰਡ ਦੇਣ ਲਈ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਮਿਹਨਤਕਸ਼ ਲੋਕ ਘਰਾਂ ਵਿਚ ਮਿਲਦੇ ਹੀ ਨਹੀਂ, ਜਿਸ ਕਰਕੇ ਬੀ. ਐੱਲ. ਓਜ. ਦੀ ਮਿਹਨਤ ਵੀ ਅਜਾਈਾ ਜਾਂਦੀ ਹੈ | ਜੀ. ਏ. ਟੂ ਡਿਪਟੀ ਕਮਿਸ਼ਨਰ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਲਤੇ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪਰਵੇਸ਼ ਕੁਮਾਰ ਨਵਰਾਜ ਹੀਰ, ਵਿਕਰਮਜੀਤ ਖਾਰਾ, ਸਤਿੰਦਰ ਕੁਮਾਰ, ਅਮਰਿੰਦਰ ਸਿੰਘ, ਕਰਨਵੀਰ ਸਿੰਘ, ਗੁਲਾਬ ਸਿੰਘ ਸੀਰਵਾਲੀ, ਗੁਰਮੀਤ ਸਿੰਘ, ਸੁਖਦੇਵ ਸਿੰਘ ਕਾਨਿਆਂਵਾਲੀ, ਜੋਨੀ ਨਾਗਪਾਲ, ਅਮਨਪ੍ਰੀਤ ਸਿੰਘ, ਕਰਨਵੀਰ ਸਿੰਘ ਆਦਿ ਵੱਡੀ ਗਿਣਤੀ ਵਿਚ ਬੀ. ਐੱਲ. ਓਜ. ਹਾਜ਼ਰ ਸਨ |