ਫ਼ਰੀਦਕੋਟ, 6 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਫ਼ਰੀਦਕੋਟ ਵਿਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ-2026 ਦਾ ਸ਼ਾਨਦਾਰ ਆਗਾਜ਼ ਕੀਤਾ ਜਾ ਰਿਹਾ ਹੈ, ਜੋ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਮਾਨਤਾ ਪ੍ਰਾਪਤ ਹੈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਬੜੇ ਹੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹਪੂਰਕ ਮਾਹੌਲ ਵਿਚ ਕੀਤਾ ਗਿਆ | ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੌਰਾਨ ਐਸ.ਡੀ.ਐਮ. ਫ਼ਰੀਦਕੋਟ ਡਾ. ਵਰੁਣ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਰਾਜ ਪੱਧਰੀ ਟੂਰਨਾਮੈਂਟ ਵਿਚ 35 ਸਾਲ ਤੋਂ 75 ਸਾਲ ਉਮਰ ਵਰਗ ਤੱਕ ਦੇ ਵੈਟਰਨ ਖਿਡਾਰੀ ਭਾਗ ਲੈ ਰਹੇ ਹਨ | ਮੁਕਾਬਲੇ ਸਿੰਗਲਜ਼ (ਪੁਰਸ਼), ਡਬਲਜ਼ (ਪੁਰਸ਼), ਮਿਕਸ ਡਬਲਜ਼, ਸਿੰਗਲਜ਼ (ਮਹਿਲਾ) ਅਤੇ ਡਬਲਜ਼ (ਮਹਿਲਾ) ਵਰਗਾਂ ਵਿਚ ਕਰਵਾਏ ਜਾ ਰਹੇ ਹਨ | ਰਿਤਿਕ ਖੰਨਾ ਆਨਰੇਰੀ ਸੈਕਟਰੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਨੇ ਟੂਰਨਾਮੈਂਟ ਦੇ ਉੱਚ ਪੱਧਰੀ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਰਗੇਨਾਈਜ਼ਰਜ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਵਿਚ ਇਹ ਆਪਣੇ ਕਿਸਮ ਦਾ ਪਹਿਲਾ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਹੈ, ਜੋ ਖੇਡ ਸੰਸਕਿ੍ਤੀ ਨੂੰ ਨਵਾਂ ਮੁਕਾਮ ਦੇਵੇਗਾ | ਇਸ ਮੌਕੇ ਚਿਤਰੰਜਨ ਬਾਂਸਲ, ਟੈਕਨੀਕਲ ਆਰਗੇਨਾਈਜ਼ਿੰਗ ਸੈਕਟਰੀ, ਲਲਿਤ ਮੋਹਨ ਗੁਪਤਾ ਐਡਵੋਕੇਟ, ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫ਼ਰੀਦਕੋਟ ਅਤੇ ਵਾਈਸ ਪ੍ਰੈਜੀਡੈਂਟ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਟੂਰਨਾਮੈਂਟ ਦੀ ਰੂਪ-ਰੇਖਾ ਸਾਂਝੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫ਼ਰੀਦਕੋਟ ਦੇ ਸਮੂਹ ਮੈਂਬਰ, ਬਾਬਾ ਫਰੀਦ ਬੈਡਮਿੰਟਨ ਕਲੱਬ ਦੇ ਮੈਂਬਰ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਮੌਜੂਦ ਰਹੇ | ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਯਾਦਗਾਰੀ ਟੀ-ਸ਼ਰਟ ਵੀ ਭੇਟ ਕੀਤੀ ਗਈ |