ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਦੋਦਾ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ | ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਚਰਨਜੀਤ ਸਿੰਘ ਟਹਿਣਾ ਅਤੇ ਮੁੱਖ ਸਲਾਹਕਾਰ ਬਲਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿਵਲ ਸਰਜਨ ਫ਼ਰੀਦਕੋਟ ਵਲੋਂ ਸਾਥੀ ਜਸਮੇਲ ਸਿੰਘ ਦੀ ਝੂਠੀ ਸ਼ਿਕਾਇਤ ਕਰਕੇ ਬਦਲੀ ਕਰਵਾਉਣ ਕਾਰਨ ਸਮੁੱਚੇ ਮਲਟੀਪਰਪਜ਼ ਕੇਡਰ ਵਿਚ ਭਾਰੀ ਪਾਇਆ ਜਾ ਰਿਹਾ ਹੈ | ਜਥੇਬੰਦੀ ਦੇ ਆਗੂਆਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਸਿਵਲ ਸਰਜਨ ਨੂੰ ਜਿਹੜੇ ਵੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਉਸ ਵਲੋਂ ਸੱਭ ਥਾਵਾਂ 'ਤੇ ਜਾਂਦਿਆ ਹੀ ਮਲਟੀਪਰਪਜ਼ ਕੇਡਰ ਨਾਲ ਖਾਰ ਰੱਖਦਿਆਂ ਕੇਡਰ ਦੇ ਆਗੂਆਂ ਦੇ ਤਬਾਦਲੇ ਕਰਵਾਏ ਗਏ | ਸਾਥੀ ਜਸਮੇਲ ਸਿੰਘ ਦੀ ਕੀਤੀ ਝੂਠੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਬਦਲੀ ਸਬੰਧੀ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਚੱਲ ਰਹੀ ਇਨਕੁਆਰੀ ਵਿਚ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜੂਦ ਵੀ ਡਾਇਰੈਕਟਰ ਦਫ਼ਤਰ ਵਲੋਂ ਇਸ ਬਦਲੀ ਨੂੰ ਰੱਦ ਨਹੀਂ ਕੀਤਾ ਗਿਆ | ਸੋ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਥੇਬੰਦੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਸ ਕਿਸਮ ਦੇ ਝੂਠੇ ਅਤੇ ਮੱਕਾਰ ਅਫ਼ਸਰ ਨੂੰ ਉਸ ਦੀ ਰਿਟਾਇਰਮੈਂਟ ਮੌਕੇ 'ਤੇ 27 ਫ਼ਰਵਰੀ ਨੂੰ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ ਤਾਂ ਜੋ ਝੂਠ ਅਤੇ ਫਰੇਬ ਦਾ ਦਾਬਾ ਤੋੜਿਆ ਜਾ ਸਕੇ | ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵਲੋਂ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਅਪੀਲ ਵੀ ਕੀਤੀ ਕਿ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਮਲਟੀਪਰਪਜ਼ ਕੇਡਰ ਨਾਲ ਧੱਕੇਸ਼ਾਹੀ ਕਰਨ ਵਾਲੇ ਅਜਿਹੇ ਅਫ਼ਸਰਾਂ ਦਾ ਇਕੱਠੇ ਹੋ ਕੇ ਵਿਰੋਧ ਕੀਤਾ ਜਾਵੇ ਅਤੇ ਫ਼ਰੀਦਕੋਟ ਦੇ ਸਾਥੀਆਂ ਵਲੋਂ ਉਲੀਕੇ ਇਸ ਪ੍ਰੋਗਰਾਮ ਦਾ ਡੱਟ ਕੇ ਸਾਥ ਦਿੱਤਾ ਜਾਵੇ ਤਾਂ ਜੋ ਮਲਟੀਪਰਪਜ਼ ਕੇਡਰ ਵਿਰੋਧੀ ਅਜਿਹੀ ਅਫ਼ਸਰਸ਼ਾਹੀ ਨੂੰ ਸਬਕ ਸਿਖਾਇਆ ਜਾ ਸਕੇ | ਮੀਟਿੰਗ ਤੋਂ ਬਾਅਦ ਜਥੇਬੰਦੀ ਵਲੋਂ ਇਸ ਧਰਨੇ ਸਬੰਧੀ ਇਕ ਨੋਟਿਸ ਵੀ ਸਿਵਲ ਸਰਜਨ ਤੱਕ ਪਹੁੰਚਦਾ ਕਰ ਦਿੱਤਾ ਗਿਆ | ਇਸ ਮੌਕੇ ਮੀਟਿੰਗ ਵਿਚ ਮਨਦੀਪ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਬੱਬਲਜੀਤ ਸਿੰਘ ਬਲਾਕ ਪ੍ਰਧਾਨ ਜੰਡ ਸਾਹਬ, ਇੰਦਰਪ੍ਰੀਤ ਸਿੰਘ ਬਾਜਾਖਾਨਾ ਮੀਤ ਪ੍ਰਧਾਨ, ਗੁਰਦਿੱਤ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ, ਸੁਭਾਸ਼ ਚੰਦਰ, ਜਸਪਾਲ ਸਿੰਘ ਜੰਡ ਸਾਹਬ, ਜਸਮੇਲ ਸਿੰਘ ਜੱਸੀ, ਮਨਸ਼ਿੰਦਰ ਸਿੰਘ, ਰਾਜਿੰਦਰ ਬੱਲੂਆਣਾਂ, ਬਸੰਤ ਕੁਮਾਰ ਮੋਗਾ, ਮਨਜੀਤ ਸਿੰਘ ਮੋਗਾ ਆਦਿ ਸਾਥੀ ਹਾਜ਼ਰ ਸਨ |