ਫ਼ਰੀਦਕੋਟ, 7 ਮਾਰਚ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਤਲਵੰਡੀ ਪੁਲ ਤੋਂ ਇਕ ਫਾਰਚੂਨਰ ਕਾਰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਪਾਸੋਂ ਨਾਜਾਇਜ਼ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਐਸ.ਆਈ. ਰਾਜਵੰਤ ਸਿੰਘ ਐਸ.ਐਚ.ਓ. ਥਾਦਾ ਸਿਟੀ ਫ਼ਰੀਦਕੋਟ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਬੰਦਾ ਸਿੰਘ ਬਹਾਦਰ ਚੌਂਕ ਤਲਵੰਡੀ ਪੁੱਲ ਨਹਿਰਾਂ, ਫ਼ਰੀਦਕੋਟ ਵਿਖੇ ਸ਼ੱਕੀ ਪੁਰਸ਼ਾਂ ਸੰਬੰਧੀ ਨਾਕਾਬੰਦੀ ਕੀਤੀ ਗਈ ਸੀ ਤਾਂ ਮੁਖਬਰ ਵਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਫਾਰਚੂਨਰ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਚਾਲਕ ਰਜਤ ਕੁਮਾਰ ਉਰਫ਼ ਸ਼ੈਫੀ ਪੁੱਤਰ ਸਤੀਸ਼ ਕੁਮਾਰ ਵਾਸੀ ਫ਼ਰੀਦਕੋਟ ਨੂੰ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ 'ਤੇ ਇਕ ਪਿਸਟਲ 7.62 ਬੋਰ ਸਮੇਤ ਤਿੰਲ ਮੈਗਜੀਨ ਅਤੇ 20 ਰੋਂਦ ਜਿੰਦਾ ਬਰਾਮਦ ਕੀਤੇ ਗਏ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰਕੇ ਉਸ ਦੀ ਗੱਡੀ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਉਸ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |