ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਵਿਖੇ ਮੈਸ਼ੀਅਨ ਵਿਦਿਆਰਥੀਆਂ ਵਿਚ ਕੌਸ਼ਲ ਵਿਕਾਸ, ਆਤਮ-ਵਿਸ਼ਵਾਸ ਅਤੇ ਸਫ਼ਲ ਜੀਵਨ ਜਿਉਣ ਦੇ ਮੂਲ ਮੰਤਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਾਰਤੀ ਫ਼ੌਜ ਦੇ ਉੱਚ ਅਧਿਆਕਾਰੀਆਂ ਵਲੋਂ ਪ੍ਰੇਰਣਾਦਾਇਕ ਵਿਸਥਾਰਤ ਭਾਸ਼ਣ ਸੈਸ਼ਨ ਕਰਵਾਇਆ ਗਿਆ | ਉਨ੍ਹਾਂ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਚੰਗਾ ਤੇ ਮਕਸਦ ਭਰਪੂਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ | ਕਰਨਲ ਸੰਤੋਸ਼ ਕੁਮਾਰ ਉਪ ਪ੍ਰਧਾਨ ਹੁਨਰ ਵਿਕਾਸ ਨੈੱਟਵਰਕ, ਭਾਰਤ ਸਰਕਾਰ ਨੇ ਸੰਚਾਰ ਕੁਸ਼ਲਤਾ, ਲੀਡਰਸ਼ਿਪ ਕੁਸ਼ਲਤਾ, ਪ੍ਰਬੰਧਕੀ ਕੁਸ਼ਲਤਾ, ਤਕਨਾਲੌਜੀ ਗਿਆਨ, ਈ-ਸਾਖਰਤਾ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕੀਤਾ | ਬਿ੍ਗੇਡੀਅਰ ਵਿਕਾਸ ਪੁਰੀ ਪ੍ਰਸਿੱਧ ਨਿਵੇਸ਼ ਸਲਾਹਕਾਰ ਨੇ ਵੀ ਨੌਜਵਾਨ ਵਰਗ ਨੂੰ ਉੱਚੇ ਜੀਵਨ ਟੀਚੇ ਮਿਥਣ, ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਅਤੇ ਸਿੱਖਿਆ ਦੇ ਨਾਲ-ਨਾਲ ਹੱਥਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਮੇਜਰ ਜਨਰਲ ਡਾ. ਮਨੋਜ ਕੁਮਾਰ ਐਸ.ਐਮ.,ਵੀ.ਐਸ.ਐਮ..ਸਾਬਕਾ ਡਾਇਰੈਕਟਰ ਸਟਰੈਟੇਜਿਕ ਪ੍ਰੋਗਰਾਮ ਸਟਾਫ਼, ਪ੍ਰਧਾਨ ਮੰਤਰੀ ਦਫ਼ਤਰ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਵੇਖਣ, ਸੋਸ਼ਲ ਮੀਡੀਆ ਤੋਂ ਦੂਰ ਰਹਿਣ, ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਤੇ ਸਾਹਸੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੇਰਿਤ ਕਰਦਿਆਂ ਮਾਹੌਲ ਵਿਚ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਭਰ ਦਿੱਤੀ | ਸੰਸਥਾ ਮੁਖੀ ਡਾ.ਐਸ. ਐਸ. ਬਰਾੜ ਨੇ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਇਸ ਸੈਸ਼ਨ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ | ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੇ ਕਾਰਜਕ੍ਰਮ ਉਲੀਕਦੇ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਇਆ |