ਨਸ਼ਾ ਕਰਦੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
ਅਜੀਤ ਡੈਸਕ
10-03-2026
ਗਿੱਦੜਬਾਹਾ, 9 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਨਸ਼ੇ ਦਾ ਸੇਵਨ ਕਰ ਰਹੇ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੁਖਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਥਰਾਜਵਾਲਾ ਰੋਡ ਤੋਂ ਸੂਆ ਰੋਡ ਨੂੰ ਆ ਰਹੇ ਸੀ, ਤਾਂ ਸੀਵਰੇਜ ਪਲਾਂਟ ਦੀ ਕੰਧ ਦੇ ਨਾਲ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਆਪਣੇ ਹੱਥਾਂ ਨਾਲ ਕੁਝ ਜਲਾ ਰਿਹਾ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚ ਫ਼ੜ੍ਹੇ ਸਾਮਾਨ ਨੂੰ ਜ਼ਮੀਨ 'ਤੇ ਸੁੱਟ ਕੇ ਮੌਕਾ ਤੋਂ ਖਿਸਕਣ ਲੱਗਾ | ਪੁਲਿਸ ਵਲੋਂ ਨੌਜਵਾਨ ਨੂੰ ਕਾਬੂ ਕੀਤਾ ਗਿਆ ਤਾਂ ਉਸ ਵਲੋਂ ਜ਼ਮੀਨ 'ਤੇ ਸੁੱਟਿਆ ਗਿਆ ਇਕ ਲਾਈਟਰ, ਇਕ ਅੱਧਜਲੀ ਸਿਲਵਰ ਪੰਨੀ ਦਾ ਟੁਕੜਾ ਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਇਆ | ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਦੌਲਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਕਥਿਤ ਦੋਸ਼ੀ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |