ਫ਼ਰੀਦਕੋਟ, 9 ਮਾਰਚ (ਜਸਵੰਤ ਸਿੰਘ ਪੁਰਬਾ)-ਨਿੱਜੀ ਵਿਵਾਦ ਨੂੰ ਲੈ ਕੇ ਹੋਏ ਕਤਲ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਗਿ੍ਫ਼ਤਾਰ ਦੋਸ਼ੀਆਂ ਦੀ ਪਹਿਚਾਣ ਮਨਦੀਪ ਸਿੰਘ ਉਰਫ ਗੋਪੀ ਪੁੱਤਰ ਤੀਰਥ ਸਿੰਘ ਵਾਸੀ ਗਲੀ ਨੰਬਰ 1 ਬਾਜ਼ੀਗਰ ਬਸਤੀ ਫ਼ਰੀਦਕੋਟ ਅਤੇ ਬੇਅੰਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕਾਲੀਏਵਾਲਾ ਹਾਲ ਬਾਜ਼ੀਗਰ ਬਸਤੀ ਫ਼ਰੀਦਕੋਟ ਵਜੋਂ ਹੋਈ ਹੈ | ਪੁਲਿਸ ਪਾਰਟੀ ਵਲੋਂ ਦੋਸ਼ੀਆਂ ਪਾਸੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਬੀਤੇ ਦਿਨੀਂ ਮਿ੍ਤਕ ਮੇਜਰ ਸਿੰਘ ਆਪਣੇ ਘਰ ਦੇ ਨੇੜੇ ਗਣਪਤੀ ਸ਼ੈਲਰ ਕੋਲ ਬੱਕਰੀਆਂ ਘੁੰਮਾ ਰਿਹਾ ਸੀ ਤਾਂ ਸ਼ਾਮ ਨੂੰ 2 ਅਣਪਛਾਤੇ ਨੌਜਵਾਨਾਂ ਵਲੋਂ ਮੇਜਰ ਸਿੰਘ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਮੇਜਰ ਸਿੰਘ ਦੇ ਲੜਕੇ ਕੰਵਰਪ੍ਰੀਤ ਸਿੰਘ ਨੇ ਜ਼ਖ਼ਮੀ ਮੇਜਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖਲ ਕਰਵਾ ਦਿੱਤਾ ਅਤੇ ਮੇਜਰ ਸਿੰਘ ਦੇ ਲੜਕੇ ਕੰਵਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਪੁਲਿਸ ਟੀਮਾਂ ਵਲੋਂ ਤੇਜ਼ ਕਾਰਵਾਈ ਕਰਦੇ ਹੋਏ ਦੋਨਾਂ ਦੋਸ਼ੀਆਂ ਮਨਦੀਪ ਸਿੰਘ ਉਰਫ਼ ਗੋਪੀ ਅਤੇ ਬੇਅੰਤ ਸਿੰਘ ਨੂੰ ਮੋਟਰ ਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਗਿਆ | ਮੁੱਢਲੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਵਲੋਂ ਬੱਕਰੀਆਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ 'ਤੇ ਮੇਜਰ ਸਿੰਘ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਬੱਕਰੀਆਂ ਚੁੱਕਣ ਤੋਂ ਰੋਕਣ 'ਤੇ ਲੜਾਈ ਦੌਰਾਨ ਮੇਜਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ |