ਮੰਡੀ ਲੱਖੇਵਾਲੀ, 9 ਮਾਰਚ (ਮਿਲਖ ਰਾਜ)-ਪਿੰਡ ਲੱਖੇਵਾਲੀ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਸਹਿਤ ਅਧਿਕਾਰੀ ਪਿੰਡ ਦੇ ਗ਼ਰੀਬ ਪਰਿਵਾਰਾਂ ਦੇ ਬਿਜਲੀ ਮੀਟਰ ਪੁੱਟਣ ਲਈ ਪਹੁੰਚ ਗਏ, ਪਰ ਪਿੰਡ ਵਾਸੀਆਂ ਦੇ ਭਾਰੀ ਇਕੱਠ ਤੇ ਤਿੱਖੇ ਵਿਰੋਧ ਦੇ ਅੱਗੇ ਪਾਵਰਕਾਮ ਅਧਿਕਾਰੀਆਂ ਦੀ ਇਕ ਨਾ ਚੱਲੀ ਤੇ ਮੁਲਾਜ਼ਮਾਂ ਨੂੰ ਖ਼ਾਲੀ ਹੱਥ ਵਾਪਸ ਮੁੜਨਾ ਪਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੰਘ ਲੱਖੇਵਾਲੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਅਤੇ ਖੇਤ ਮਜ਼ਦੂਰ ਆਗੂ ਇੰਦਰਜੀਤ ਸਿੰਘ ਲੱਖੇਵਾਲੀ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਗ਼ਰੀਬ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਿੰਡ ਵਾਸੀਆਂ ਨੇ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ 'ਚ ਦੁਬਾਰਾ ਕਿਸੇ ਵੀ ਗ਼ਰੀਬ ਘਰ ਦਾ ਮੀਟਰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਤੇਜ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਆਖਿਆ ਕਿ ਇਕ-ਦੋ ਬਲਬ ਤੇ ਪੱਖਾ ਚਲਾਉਣ ਵਾਲਿਆਂ ਨੂੰ ਹਜ਼ਾਰਾਂ-ਲੱਖਾਂ ਦੇ ਬਿੱਲ ਭੇਜੇ ਜਾ ਰਹੇ ਹਨ, ਜਦੋਂਕਿ ਸਰਕਾਰ 90 ਫ਼ੀਸਦੀ ਆਬਾਦੀ ਨੂੰ ਬਿਜਲੀ ਮੁਆਫ਼ ਕਰਨ ਦੀ ਗੱਲ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਇਹ ਸਾਰੇ ਬਿੱਲ ਮੁਆਫ਼ ਕਰਕੇ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਬਿਲਕੁੱਲ ਮੁਫ਼ਤ ਤੇ ਯਕੀਨੀ ਦੇਣ ਦਾ ਉਪਰਾਲਾ ਕੀਤਾ ਜਾਵੇ | ਰੋਸ ਪ੍ਰਦਰਸ਼ਨ 'ਚ ਕੁਲਦੀਪ ਸਿੰਘ, ਜਗਸੀਰ ਸਿੰਘ, ਇਕਬਾਲ ਸਿੰਘ, ਮੋਦਾ ਸਿੰਘ, ਮਨਪ੍ਰੀਤ ਸਿੰਘ, ਸਿਕੰਦਰ, ਗੁਰਦੇਵ ਸਿੰਘ, ਬਲਦੇਵ ਸਿੰਘ, ਸਮੂ, ਗਗਨਦੀਪ, ਕੁਕੀ ਸਰਾਂ, ਜੈਲੀ, ਲਾਭ ਸਿੰਘ, ਕੁਦਰਤ ਸਿੰਘ, ਗੁਰਮੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ ਆਦਿ ਔਰਤਾਂ ਹਾਜ਼ਰ ਸਨ |