ਮਲੋਟ, 9 ਮਾਰਚ (ਪਾਟਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਦਾਣਾ ਮੰਡੀ ਵਾਟਰ ਵਰਕਸ ਮਲੋਟ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਆਗੂ ਬਿੱਟੂ ਮੱਲਣ ਦੀਆਂ ਆਪ-ਹੁਦਰੀਆਂ ਦਾ ਲਗਾਤਾਰ ਵਿਵਹਾਰ ਕਰਕੇ ਸਰਬਸੰਮਤੀ ਨਾਲ ਅਸਤੀਫ਼ਾ ਮਨਜ਼ੂਰ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਅੰਦੋਲਨ ਵੇਲੇ ਬਹੁਤ ਸਾਰੇ ਨੌਜਵਾਨ ਲੋਕਾਂ ਦੇ ਨਾਲ ਉਸ ਮੋਰਚੇ 'ਚ ਸ਼ਾਮਿਲ ਹੋਏ ਸੀ, ਜਿਸ ਕਰਕੇ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਨੌਜਵਾਨਾਂ ਨੂੰ ਅਗਵਾਈ ਸੌਂਪੀ ਗਈ ਸੀ | ਜਿਸ ਵਿਚ ਬਿੱਟੂ ਮੱਲਣ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਬੁਲਾਰਾ ਹੋਣ ਕਰਕੇ ਆਰਜੀ ਅਹੁਦਿਆਂ ਦੀਆਂ ਅਗਵਾਈਆਂ ਦਿੱਤੀਆਂ ਗਈਆਂ, ਪਰ ਹੁਣ ਤੱਕ ਦਾ ਬਿੱਟੂ ਸਿੰਘ ਮੱਲਣ ਦਾ ਵਿਵਹਾਰ ਆਪ-ਹੁਦਰੀਆਂ ਵਾਲਾ ਰਿਹਾ | ਦੋ-ਤਿੰਨ ਲਿਖ਼ਤੀ ਅਸਤੀਫ਼ੇ ਵੀ ਦਿੱਤੇ, ਜਿਸ ਨੂੰ ਸਮਝਾ-ਬੁਝਾ ਕੇ ਫ਼ਿਰ ਤੋਰਿਆ | ਹੁਣ ਕਈ ਵਾਰ ਮਸਲਿਆਂ 'ਤੇ ਆਪ ਮੁਹਾਰਾ ਚੱਲਦਾ ਰਹਿਣਾ ਤੇ ਗ਼ੁੱਸੇ ਹੋਣਾ ਆਮ ਵਰਤਾਰਾ ਹੋਣ ਲੱਗ ਗਿਆ | ਕਈ ਮਸਲਿਆਂ 'ਚ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਹੱਕ ਵਿਚ ਖੜ੍ਹਨਾ ਜਾਂ ਰਾਬਤਾ ਕਾਇਮ ਕਰਨਾ ਅਤੇ ਦੂਜੇ ਜ਼ਿਲ੍ਹੇ 'ਚ ਜਾ ਕੇ ਉਲੰਘਣਾਵਾਂ ਕਰਨੀਆਂ ਨੋਟ ਹੋਈਆਂ | ਛੋਟੀ ਘਟਨਾ ਕਾਰ ਦੀ ਤਲਾਸ਼ੀ ਲੈਣ 'ਤੇ ਸਿੱਧਾ ਪੁਲਿਸ ਨਾਲ ਉਲਝਣਾ ਇਹ ਵੀ ਠੀਕ ਨਹੀਂ ਸੀ | ਇਸ ਕਰਕੇ ਇਹ ਮੰਨਿਆ ਜਾਂਦਾ ਕਿ ਬਿੱਟੂ ਮੱਲਣ ਜਥੇਬੰਦੀ ਨਾਲ ਨਹੀਂ ਚੱਲ ਸਕਦਾ, ਇਸ ਕਰਕੇ ਉਸ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਤੋਂ ਇਲਾਵਾ ਬਲਾਕ ਲੰਬੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਵਿੱਤ ਸਕੱਤਰ ਮਨੋਹਰ ਸਿੰਘ ਸਿੱਖਵਾਲਾ, ਮਲੋਟ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਮਲੋਟ, ਜਨਰਲ ਸਕੱਤਰ ਕੁਲਦੀਪ ਸਿੰਘ ਕਰਮਗੜ੍ਹ, ਬੋਹੜ ਸਿੰਘ ਮਲੋਟ, ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਰਹੂੜਿਆਂਵਾਲੀ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ, ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸ਼ਰੀਂਹ ਆਦਿ ਸ਼ਾਮਿਲ ਸਨ |