ਸਾਦਿਕ, 9 ਮਾਰਚ (ਆਰ. ਐਸ. ਧੁੰਨਾ)-ਭਾਰਤ ਦੇ 29 ਰਾਜਾਂ ਦੇ ਖਿਡਾਰੀਆਂ ਦੀ ਚੋਣ ਭਾਰਤ ਦੀ ਥ੍ਰੋਬਾਲ ਟੀਮ ਲਈ ਕੀਤੀ ਗਈ ਹੈ ਜਿਸ 'ਚ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਕਲਾਂ ਦੇ ਨੌਜਵਾਨ ਖਿਡਾਰੀ ਜਸਮਨ ਸੰਧੂ ਨੂੰ ਭਾਰਤ ਦੀ ਟੀਮ ਲਈ ਚੁਣਿਆ ਗਿਆ ਹੈ | ਜਾਣਕਾਰੀ ਅਨੁਸਾਰ ਜਸਮਨ ਸੰਧੂ ਪਹਿਲਾਂ ਵੀ ਕਈ ਵਾਰ ਭਾਰਤ ਲਈ ਖੇਡ ਚੁੱਕੇ ਹਨ ਤੇ 2014 ਵਿਚ ਭਾਰਤ ਲਈ ਏਸ਼ੀਆ ਕੱਪ 'ਚ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕੇ ਹਨ | ਇਸ ਤੋਂ ਪਹਿਲਾਂ ਜਸਮਨ ਸੰਧੂ ਨੇ ਭਾਰਤੀ ਟੀਮ ਦੀ ਕਮਾਨ ਸੰਭਾਲ ਕੇੇ ਆਪਣੀ ਕਪਤਾਨੀ ਵਿਚ ਭਾਰਤ ਬਨਾਮ ਸ੍ਰੀਲੰਕਾ ਸੀਰੀਜ ਵਿਚ 4-1 ਦੇ ਫ਼ਰਕ ਨਾਲ ਭਾਰਤ ਲਈ ਜਿੱਤ ਪ੍ਰਾਪਤ ਕੀਤੀ ਸੀ | ਪਿਛਲੇ ਸਮੇਂ 'ਚ ਘਰੇਲੂ ਕਾਰਨਾਂ ਕਰਕੇ ਭਾਰਤੀ ਟੀਮ ਤੋਂ ਦੂਰ ਰਹਿਣ ਤੋਂ ਬਾਅਦ ਹੁਣ ਫ਼ਿਰ ਇਕ ਵਾਰ ਜਸਮਨ ਸੰਧੂ ਭਾਰਤੀ ਟੀਮ ਦਾ ਹਿੱਸਾ ਬਣ ਕੇ ਨਿਪਾਲ ਵਿਖੇ ਹੋਣ ਵਾਲੀ ਸਾਊਥ ਏਸ਼ੀਅਨ ਥ੍ਰੋਬਾਲ ਚੈਂਪੀਅਨਸ਼ਿਪ ਵਿਚ ਖੇਡਣਗੇ | ਜਸਮਨ ਸੰਧੂ ਦੇ ਭਾਰਤੀ ਟੀਮ ਲਈ ਚੁਣੇ ਜਾਣ ਦੀ ਖੁਸ਼ੀ ਵਿਚ ਪੰਜਾਬ ਥ੍ਰੋ ਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਮੁਮਾਰਾ, ਹਰਪ੍ਰੀਤ ਸਿੰਘ ਚੰਨੀਆਂ, ਸੁਖਵਿੰਦਰ ਮੈਟਰੋ ਆਈਲੈਟਸ ਨੇ ਜਸਮਨ ਨੂੰ ਵਧਾਈ ਦਿੰਦਿਆਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ |