06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਰਬੱਤ ਦਾ ਭਲਾ ਟਰੱਸਟ ਨੇ ਜ਼ਿਲ੍ਹੇ 'ਚ 2 ਹੋਰ ਕਲੀਨਿਕਲ ਤੇ ਡਾਇਗਨੋਸਟਿਕ ਲੈਬਾਂ ਖੋਲ੍ਹੀਆਂ

Ad Position 21
No active advertisement
ਅਜੀਤ ਡੈਸਕ 10-03-2026
ਸ੍ਰੀ ਮੁਕਤਸਰ ਸਾਹਿਬ, 9 ਮਾਰਚ (ਰਣਜੀਤ ਸਿੰਘ ਢਿੱਲੋਂ)-ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਲੋਕਾਂ ਨੂੰ ਆ ਰਹੀਆਂ ਵੱਖ-ਵੱਖ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਪੂਰੇ ਦੇਸ਼ 'ਚ ਵੱਡੀ ਪੱਧਰ 'ਤੇ ਕਲੀਨਿਕਲ ਲੈਬਾਂ ਤੇ ਡਾਇਗਨੋਸਟਿਕ ਸੈਂਟਰ ਸਿਰਫ਼ ਲਾਗਤ ਮੁੱਲ 'ਤੇ ਖੋਲ੍ਹੇ ਜਾ ਰਹੇ ਹਨ, ਤਾਂ ਜੋ ਆਮ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਆਉਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਤੋਂ ਪਹਿਲਾਂ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਦੋ ਕਲੀਨਿਕਲ ਤੇ ਡਾਇਗਨੋਸਟਿਕ ਲੈਬਾਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਹੁਣ ਕਸਬਾ ਦੋਦਾ ਤੇ ਮਲੋਟ ਸ਼ਹਿਰ ਦੇ ਅੰਦਰ ਗੁਰਦੁਆਰਾ ਸਿੰਘ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵੀਆਂ ਲੈਬਾਂ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਓਬਰਾਏ ਤੇ ਸੰਤ ਸਿੰਘ ਬਰਾੜ ਵਲੋਂ ਕੀਤਾ ਗਿਆ | ਇਸ ਮੌਕੇ ਬੋਲਦਿਆਂ ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਕੋ-ਇਕ ਮਕਸਦ ਮਾਨਵਤਾ ਦੀ ਸੇਵਾ ਹੈ | ਉਨ੍ਹਾਂ ਕਿਹਾ ਕਿ 200 ਕਲੀਨਿਕਲ ਲੈਬਾਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ ਤੇ ਹੁਣ ਤੱਕ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਤਕਰੀਬਨ 150 ਦੇ ਕਰੀਬ ਲੈਬਾਂ ਖੋਲ੍ਹੀਆਂ ਜਾ ਚੁੱਕੀਆਂ ਹਨ | ਇਨ੍ਹਾਂ ਕਲੀਨਿਕ ਲੈਬਾਂ 'ਚ ਸਿਰਫ਼ ਲਾਗਤ ਮੁੱਲ 'ਤੇ 27 ਲੱਖ ਦੇ ਕਰੀਬ ਲੋਕ ਆਪਣੇ ਸਰੀਰ ਦੇ ਟੈੱਸਟ ਕਰਵਾ ਚੁੱਕੇ ਹਨ | ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਡਾ. ਉਬਰਾਏ ਦੀ ਇਸ ਫੇਰੀ ਦੌਰਾਨ ਜ਼ਿਲ੍ਹਾ ਟੀਮ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਫਿਜਿਓਥਰੈਪੀ ਸੈਂਟਰ ਤੇ ਮੰਡੀ ਬਰੀਵਾਲਾ, ਮੰਡੀ ਲੱਖੇਵਾਲੀ, ਔਲਖ ਵਿਚ ਕਲੀਨਿਕ ਲੈਬਾਂ ਖੋਲ੍ਹਣ ਲਈ ਮੰਗ ਪੱਤਰ ਵੀ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਉਬਰਾਏ ਵਲੋਂ ਪਿਛਲੇ 9 ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ 350 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਦਵਾਈਆਂ ਖ਼ਰੀਦਣ ਲਈ ਲੋੜੀਂਦੇ ਮਰੀਜ਼ਾਂ ਨੂੰ ਮਹੀਨਾਵਾਰ ਪੈਸੇ ਦਿੱਤੇ ਜਾ ਰਹੇ ਹਨ | ਇਸ ਮੌਕੇ ਪਿੰਡ ਦੋਦਾ ਦੇ ਮੁਹਤਬਰ ਵਿਅਕਤੀਆਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਲੋਟ ਟੀਮ, ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਅਤੇ ਮਲੋਟ ਦੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਾਂਬੱਧਰ ਵਿਖੇ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਮਹਿਲਾ ਦਿਵਸ ਮਨਾਇਆ
Ad Position 24