ਰੁਪਾਣਾ, 9 ਮਾਰਚ (ਜਗਜੀਤ ਸਿੰਘ)-ਪਿੰਡ ਮਹਾਂਬੱਧਰ ਦੇ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਐੱਨ.ਆਰ.ਆਈਜ਼. ਤੇ ਨਗਰ ਦੇ ਸਹਿਯੋਗ ਨਾਲ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਫੁੱਟਬਾਲ ਦੀਆਂ 32 ਟੀਮਾਂ ਨੇ ਭਾਗ ਲਿਆ | ਇਸ ਮੌਕੇ ਫਾਈਨਲ ਮੁਕਾਬਲਾ ਟਾਹਲੀਵਾਲਾ ਜੱਟਾਂ ਤੇ ਖੁੰਡੇ ਹਲਾਲ ਦੀ ਟੀਮ ਵਿਚਕਾਰ ਹੋਇਆ, ਜਿਸ 'ਚ ਟਾਹਲੀਵਾਲਾ ਜੱਟਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ 41 ਹਜ਼ਾਰ ਰੁਪਏ ਤੇ ਕੱਪ ਪ੍ਰਾਪਤ ਕੀਤਾ, ਜਦਕਿ ਖੁੰਡੇ ਹਲਾਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ 31 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ | ਅਖ਼ੀਰਲੇ ਦਿਨ ਕਬੱਡੀ 85 ਕਿੱਲੋ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਘਾਂਗਾ ਦੀ ਟੀਮ ਨੇ ਪਹਿਲਾ ਤੇ ਰੋਮਾਣਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਕਲੱਬ ਮੈਂਬਰਾਂ ਵਲੋਂ ਫੁੱਟਬਾਲ ਵਿਚ ਪਹਿਲੇ ਤੋਂ ਚੌਥੇ ਸਥਾਨ ਤੱਕ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਤੋਂ ਇਲਾਵਾ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਪਿੰਡ ਦੇ ਖਿਡਾਰੀਆਂ, ਸੀਨੀਅਰ ਫੁੱਟਬਾਲ ਖਿਡਾਰੀਆਂ, ਸੇਵਾਦਾਰਾਂ, ਦਾਨੀ ਵੀਰਾਂ ਅਤੇ ਗ੍ਰਾਮ ਪੰਚਾਇਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਕੁੱਕੜ ਫ਼ੜ੍ਹਨ ਦੇ ਮੁਕਾਬਲਿਆਂ ਤੋਂ ਇਲਾਵਾ ਹੋਰ ਕਈ ਮੁਕਾਬਲੇ ਕਰਵਾਏ ਗਏ |