ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਹਰਮਹਿੰਦਰ ਪਾਲ)-ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਦੀਆਂ ਆਸਾਮੀਆਂ ਲਈ 10 ਮਾਰਚ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਤੇ 16 ਮਾਰਚ ਤੋਂ ਤਿਆਰੀ ਸ਼ੁਰੂ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਜ਼ਿਲਿ੍ਹਆਂ ਦੇ ਚਾਹਵਾਨ ਨੌਜਵਾਨ ਜੋ ਪੰਜਾਬ ਪੁਲਿਸ 'ਚ ਭਰਤੀ ਹੋਣ ਲਈ ਲਿਖ਼ਤੀ ਪੇਪਰ ਤੇ ਫ਼ਿਜ਼ੀਕਲ ਟੈੱਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸਵੇਰੇ 9 ਵਜੇ ਪਹੁੰਚ ਕੇ ਰਿਪੋਰਟ ਕਰਨ | ਉਨ੍ਹਾਂ ਦੱਸਿਆ ਕਿ ਕੈਂਪ 'ਚ ਆਉਣ ਸਮੇਂ ਆਨਲਾਈਨ ਅਪਲਾਈ ਦੀ ਇਕ ਕਾਪੀ, 10ਵੀਂ ਦਾ ਅਸਲ ਸਰਟੀਫ਼ਿਕੇਟ, 10+2 ਪਾਸ ਤੇ ਇਸ ਤੋਂ ਵੱਧ ਪੜ੍ਹਾਈ ਦੇ ਸਰਟੀਫ਼ਿਕੇਟ ਦੀਆਂ ਫ਼ੋਟੋ ਕਾਪੀਆਂ, ਪੰਜਾਬ ਰਿਹਾਇਸ਼ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ, ਜਾਤੀ ਸਰਟੀਫ਼ਿਕੇਟ, ਆਧਾਰ ਕਾਰਡ ਦੀ ਫ਼ੋਟੋ ਕਾਪੀ, ਬੈਂਕ ਖਾਤੇ ਦੀ ਫ਼ੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿਚ ਹੋਵੇ ਤੇ ਦੋ ਪਾਸਪੋਰਟ ਸਾਈਜ਼ ਫ਼ੋਟੋਆਂ, ਇਕ ਕਾਪੀ, ਇਕ ਪੈਨ, ਖਾਣਾ ਖਾਣ ਲਈ ਬਰਤਨ ਤੇ ਰਹਿਣ ਲਈ ਬਿਸਤਰਾ ਨਾਲ ਲਿਆਉਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਖਾਣਾ ਤੇ ਰਿਹਾਇਸ਼ ਦੀ ਸਹੂਲਤ ਵੀ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ ਤੇ ਫ਼ਿਜੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ |